ਨਵੀਂ ਦਿੱਲੀ (ਏਐੱਨਆਈ) : ਰਾਸ਼ਟਰੀ ਰਾਜਧਾਨੀ ਤੇ ਆਸ-ਪਾਸ ਦੇ ਇਲਾਕਿਆਂ (ਦਿੱਲੀ-ਐੱਨਸੀਆਰ) ’ਚ ਖ਼ਰਾਬ ਗੁਣਵੱਤਾ ਵਾਲੀ ਹਵਾ ’ਤੇ ਗੰਭੀਰ ਰੁਖ਼ ਅਪਣਾਉਂਦੇ ਹੋਏ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਰਕਾਰਾਂ ਤੇ ਨੌਕਰਸ਼ਾਹੀ ਦੇ ਰਵੱਈਏ ’ਤੇ ਗੰਭੀਰ ਸਵਾਲ ਉਠਾਏ। ਸੁਪਰੀਮ ਕੋਰਟ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪਹਿਲਾਂ ਹੀ ਠੋਸ ਤੇ ਅਸਰਦਾਰ ਉਪਾਅ ਕਿਉਂ ਨਹੀਂ ਕੀਤੇ ਜਾਂਦੇ? ਸਮੱਸਿਆ ਗੰਭੀਰ ਹੋਣ ’ਤੇ ਹੀ ਸਰਕਾਰਾਂ ਕਿਉਂ ਸਰਗਰਮ ਹੁੰਦੀਆਂ ਹਨ? ਅਦਾਲਤ ਨੇ ਪਰਾਲੀ ਸਾੜਨ ਦੇ ਮੁੱਦੇ ’ਤੇ ਹੈਰਾਨੀ ਪ੍ਰਗਟਾਈ।

ਚੀਫ ਜਸਟਿਸ ਐੱਨਵੀ ਰਮਨਾ, ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਸੂਰੀਆ ਕਾਂਤ ਦੇ ਬੈਂਚ ਨੇ ਕਿਹਾ ਕਿ ਦਿੱਲੀ ਦੀ ਹਵਾ ਗੁਣਵੱਤਾ ਸੰਕਟ ਨਾਲ ਨਿਪਟਣ ਲਈ ਨਿਸ਼ਚਿਤ ਤੌਰ ’ਤੇ ਅਗਾਊਂ ਉਪਾਅ ਕੀਤੇ ਜਾਣੇ ਚਾਹੀਦੇ ਹਨ। ਬੈਂਚ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜਦੋਂ ਮੌਸਮ ਗੰਭੀਰ ਹੋ ਜਾਂਦਾ ਹੈ ਤਾਂ ਸਰਕਾਰਾਂ ਇਸ ਨੂੰ ਕੰਟਰੋਲ ਕਰਨ ਦੇ ਉਪਾਅ ਕਰਦੀਆਂ ਹਨ।

ਬੈਂਚ ਨੇ ਕੇਂਦਰ ਤੇ ਐੱਨਸੀਆਰ ਦੇ ਸੂਬਿਆਂ ਨੂੰ ਹਵਾ ਗੁਣਵੱਤਾ ’ਚ ਸੁਧਾਰ ਲਿਆਉਣ ਲਈ ਲਾਗੂ ਕੀਤੇ ਉਪਾਵਾਂ ਨੂੰ ਕੁਝ ਦਿਨਾਂ ਤਕ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਤੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੀ ਮਦਦ ਤੋਂ ਪਹਿਲਾਂ ਹੀ ਰੋਕੂ ਕਦਮ ਚੁੱਕਣ ਲਈ ਕਿਹਾ, ਜਿਸ ਕੋਲ ਸਥਿਤੀ ਦੇ ਗੰਭੀਰ ਹੋਣ ਤੋਂ ਪਹਿਲਾਂ ਇਸ ਨਾਲ ਨਿਪਟਣ ਲਈ ਆਧੁਨਿਕ ਤੰਤਰ ਤੇ ਉਪਕਰਨ ਹਨ।

ਦਿੱਲੀਵਾਸੀ ਖ਼ਰਾਬ ਹਵਾ ਕਿਉਂ ਝੱਲਣ

ਬੈਂਚ ਨੇ ਕਿਹਾ, ‘ਦਿੱਲੀ ਦੇ ਲੋਕ ਇਸ ਗੰਭੀਰ ਤੇ ਬਹੁਤ ਖ਼ਰਾਬ ਹਵਾ ਗੁਣਵੱਤਾ ਨੂੰ ਕਿਉਂ ਝੱਲਣ? ਇਹ ਰਾਸ਼ਟਰੀ ਰਾਜਧਾਨੀ ਹੈ। ਅਸੀਂ ਦੁਨੀਆ ਨੂੰ ਕੀ ਸੰਦੇਸ਼ ਦੇ ਰਹੇ ਹਾਂ। ਪਹਿਲਾਂ ਤੋਂ ਹੀ ਸਥਿਤੀ ਦਾ ਅੰਦਾਜ਼ਾ ਲਾਉਂਦੇ ਹੋਏ ਤੁਸੀਂ ਇਨ੍ਹਾਂ ਸਰਗਰਮੀਆਂ ਨੂੰ ਬੰਦ ਕਰ ਸਕਦੇ ਹੋ ਤਾਂ ਜੋ ਸਥਿਤੀ ਗੰਭੀਰ ਨਾ ਹੋਵੇ।’ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮਾਮਲੇ ਨੂੰ ਬੰਦ ਨਹੀਂ ਕਰੇਗੀ ਤੇ ਸੁਣਵਾਈ ਜਾਰੀ ਰੱਖੇਗੀ, ਭਾਵੇਂ ਪਰਮਾਤਮਾ ਦੀ ਕਿਰਪਾ ਨਾਲ ਜਾਂ ਪਾਬੰਦੀਆਂ ਦੇ ਕਾਰਨ ਪ੍ਰਦੂਸ਼ਣ ’ਚ ਕਮੀ ਆ ਜਾਏ।

ਹੁਣ ਤਾਂ ਸੁਪਰ ਕੰਪਿਊਟਰ ਹਨ

ਬੈਂਚ ਨੇ ਕਿਹਾ, ‘ਤੁਹਾਡੇ ਕੋਲ ਉਨ੍ਹਾਂ ਦਿਨਾਂ ’ਚ ਕੰਪਿਊਟਰ ਨਹੀਂ ਹੁੰਦੇ ਸਨ ਤੇ ਹੁਣ ਤੁਹਾਡੇ ਕੋਲ ਸੁਪਰ ਕੰਪਿਊੂਟਰ ਹਨ ਤੇ ਜੇਕਰ ਤੁਸੀਂ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੇ ਆਧਾਰ ’ਤੇ ਸਟੈਟੇਸਟਿਕਸ ਮਾਡਲ ਬਣਾਉਂਦੇ ਹੋ ਤਾਂ ਇਸ ਦੇ ਆਧਾਰ ’ਤੇ ਤੁਸੀਂ ਅਗਲੇ 15 ਦਿਨਾਂ ਦੇ ਸੰਭਾਵਿਤ ਪ੍ਰਦੂਸ਼ਣ ਪੱਧਰ ਨੂੰ ਧਿਆਨ ’ਚ ਰੱਖਦੇ ਹੋਏ ਯੋਜਨਾ ਬਣਾ ਸਕਦੇ ਹੋ।’

ਲਾਗੂ ਉਪਾਅ ਜਾਰੀ ਰੱਖਣ ਲਈ ਕਿਹਾ

ਸੁਪਰੀਮ ਕੋਰਟ ਨੇ ਕਿਹਾ ਕਿ ਸਨਅਤੀ ਪ੍ਰਦੂਸ਼ਣ, ਥਰਮਲ ਪਲਾਂਟ, ਵਾਹਨਾਂ ਤੋਂ ਧੂੰਆਂ ਨਿਕਲਣਾ, ਧੂੜ ਕੰਟਰੋਲ, ਡੀਜ਼ਲ ਜਨਰੇਟਰ ਨਾਲ ਨਿਪਟਣ ਲਈ ਐੱਨਸੀਆਰ ਤੇ ਉਸ ਨਾਲ ਜੁੜੇ ਇਲਾਕਿਆਂ ’ਚ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਵੱਲੋਂ ਸੁਝਾਏ ਕਦਮਾਂ ਦੇ ਨਾਲ ਹੀ ਘਰੋਂ ਕੰਮ ਕਰਨਾ ਕੁਝ ਸਮੇਂ ਲਈ ਜਾਰੀ ਰਹਿਣ।

ਸੋਮਵਾਰ ਨੂੰ ਮੁੜ ਹੋਵੇਗੀ ਸੁਣਵਾਈ

ਬੈਂਚ ਨੇ ਕਿਹਾ, ‘ਅਗਲੇ ਦੋ-ਤਿੰਨ ਦਿਨਾਂ ਲਈ ਉਪਾਅ ਕਰਨ ’ਤੇ ਅਸੀਂ ਅਗਲੇ ਸੋਮਵਾਰ ਨੂੰ ਇਸ ਮਾਮਲੇ ’ਤੇ ਸੁਣਵਾਈ ਕਰਾਂਗੇ। ਇਸ ਦੌਰਾਨ ਜੇਕਰ ਪ੍ਰਦੂਸ਼ਣ 100 ਏਕਿਊਆਈ ’ਤੇ ਪਹੁੰਚਦਾ ਹੈ ਤਾਂ ਕੁਝ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।’

Posted By: Susheel Khanna