ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਦੇ ਜੱਜਾਂ ਨੇ ਕੋਰੋਨਾ ਮਾਮਲੇ ਤੇਜ਼ ਰਫਤਾਰ ਨਾਲ ਵਧਣ ਦੇ ਮੱਦੇਨਜ਼ਰ ਮੰਗਲਵਾਰ ਨੂੰ ਆਪਣੇ ਘਰਾਂ ਤੋਂ ਹੀ ਮਾਮਲਿਆਂ ਦੀ ਸੁਣਵਾਈ ਕੀਤੀ। ਉੱਥੇ, ਅਦਾਲਤ ਦੀ ਰਜਿਸਟਰੀ ਨੇ ਆਪਣੇ ਅਧਿਕਾਰੀਆਂ ਨੂੰ ਅਜਿਹੀ ਸਥਿਤੀ 'ਚ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ, ਜੇ ਕਿਸੇ ਦਿਨ ਦਫ਼ਤਰ 'ਚ ਉਨ੍ਹਾਂ ਦੀ ਹਾਜ਼ਰੀ ਦੀ ਲੋੜ ਨਹੀਂ ਹੋਵੇ।

ਸੁਪਰੀਮ ਕੋਰਟ ਦੇ ਜੱਜਾਂ ਨੇ ਸੋਮਵਾਰ ਨੂੰ ਆਪਣੇ ਨਿਰਧਾਰਤ ਸਮੇਂ ਤੋਂ ਇਕ ਘੰਟੇ ਦੇਰੀ ਨਾਲ ਆਪਣੇ-ਆਪਣੇ ਨਿਵਾਸ ਤੋਂ ਅਦਾਲਤੀ ਕਾਰਵਾਈ ਕੀਤੀ। ਪਿਛਲੇ ਹਫ਼ਤੇ ਕਰੀਬ 44 ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।

ਮੌਜੂਦਾ ਸਥਿਤੀ 'ਤੇ ਗੌਰ ਕਰਦਿਆਂ ਅਦਾਲਤ ਦੀ ਰਜਿਸਟਰੀ ਨੇ 13 ਅਪ੍ਰਰੈਲ ਦੇ ਆਪਣੇ ਆਦੇਸ਼ 'ਚ ਅਦਾਲਤ ਦੇ ਅਧਿਕਾਰੀਆਂ ਨੂੰ ਕੋਰੋਨਾ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਣ ਵਾਲੇ ਸਾਰੇ ਇਹਤਿਆਤੀ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਸੀ। ਇਨ੍ਹਾਂ 'ਚ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਨਿਯਮ, ਸਰੀਰ ਦੇ ਤਾਪਮਾਨ ਦੀ ਜਾਂਚ ਕਰਨ, ਮਾਸਕ ਪਾਉਣ ਤੇ ਹੱਥ ਸਾਫ਼ ਰੱਖਣ ਵਰਗੇ ਸਵੱਛਤਾ ਨਾਲ ਜੁੜੇ ਹੋਰ ਵਿਵਹਾਰ ਸ਼ਾਮਲ ਹਨ।

ਸੁਪਰੀਮ ਕੋਰਟ ਦੀ ਰਜਿਸਟਰੀ ਨੇ ਆਪਣੇ ਆਦੇਸ਼ 'ਚ ਕਿਹਾ ਕਿ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨ 'ਤੇ ਆਚਰਣ ਨਿਯਮਾਂਵਲੀ ਤਹਿਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾ ਸਕਦੀ ਹੈ। ਅਦਾਲਤ ਨੇ ਤਤਕਾਲ ਸੁਣਵਾਈ ਲਈ ਮਾਮਲਿਆਂ ਨੂੰ ਵਕੀਲਾਂ ਦੇ ਹਾਜ਼ਰ ਹੋ ਕੇ ਪੇਸ਼ ਕਰਨ 'ਤੇ ਵੀ ਸੋਮਵਾਰ ਤੋਂ ਅਗਲੇ ਆਦੇਸ਼ ਤਕ ਆਰਜ਼ੀ ਰੋਕ ਲਾ ਦਿੱਤੀ ਹੈ।