ਜੇਐੱਨਐੱਨ, ਸੋਲਨ : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅੱਤ ਗਰਮੀ ਕਾਰਨ ਹਿਮਾਚਲ ਪ੍ਰਦੇਸ਼ 'ਚ ਪਿਛਲੇ ਹਫਤੇ ਤੋਂ ਸੈਲਾਨੀਆਂ ਦੀ ਗਿਣਤੀ ਵਧਣ ਲੱਗੀ ਸੀ। ਸ਼ਿਮਲਾ ਦੇ ਰਿੱਜ ਮੈਦਾਨ 'ਤੇ ਛੇ ਜੂਨ ਨੂੰ ਬਿਨਾਂ ਮਾਸਕ ਦੇ ਜੁੜੀ ਸੈਲਾਨੀਆਂ ਦੀ ਭੀੜ ਨੂੰ ਦੇਖ ਕੇ ਪੁਲਿਸ ਭੇਜਣੀ ਪਈ ਸੀ। ਪਿਛਲੇ 24 ਘੰਟਿਆਂ ਦੌਰਾਨ ਪਰਵਾਣੂ ਬੈਰੀਅਰ ਤੋਂ ਲਗਪਗ 5700 ਵਾਹਨ ਸੂਬੇ 'ਚ ਪੁੱਜੇ। ਸੈਲਾਨੀਆਂ ਦੀ ਭੀੜ ਦੇਖਦਿਆਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਅਜਿਹੇ 'ਚ ਕੋਰੋਨਾ ਇਨਫੈਕਸ਼ਨ ਵੱਧ ਸਕਦਾ ਹੈ। ਉਨ੍ਹਾਂ ਸਾਰੇ ਜ਼ਿਲਿ੍ਹਆਂ 'ਚ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਹੈ।

ਸੋਮਵਾਰ ਨੂੰ ਸਾਰਾ ਦਿਨ ਪਰਵਾਣੂ ਦੇ ਨਜ਼ਦੀਕ ਪੁਲਿਸ ਬੈਰੀਅਰ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਐਤਵਾਰ ਨੂੰ ਵੀ ਇਹੀ ਹਾਲਤ ਰਹੀ ਸੀ। ਕੋਵਿਡ ਈ-ਪਾਸ ਵਾਲਿਆਂ ਨੂੰ ਸੂਬੇ 'ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਕੋਲ ਈ-ਪਾਸ ਨਹੀਂ ਹੈ ਉਨ੍ਹਾਂ ਦਾ ਈ-ਪਾਸ ਪਰਵਾਣੂ ਪੁਲਿਸ ਬੈਰੀਅਰ 'ਤੇ ਬਣਾਇਆ ਜਾ ਰਿਹਾ ਹੈ।

ਪਰਵਾਣੂ ਬੈਰੀਅਰ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਸੂਬੇ ਦੇ ਲੋਕਾਂ ਨੂੰ ਡਰਾਉਣ ਲੱਗੀਆਂ ਹਨ। ਹੁਣ ਬਿਨਾਂ ਆਰਟੀਪੀਸੀਆਰ ਰਿਪੋਰਟ ਦੇ ਸੈਲਾਨੀ ਹਿਮਾਚਲ ਆ ਰਹੇ ਹਨ। ਮੈਦਾਨੀ ਸੂਬਿਆਂ 'ਚ ਗਰਮੀ ਜ਼ਿਆਦਾ ਹੋਣ ਕਾਰਨ ਪੰਜਾਬ, ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਸੈਲਾਨੀ ਹਿਮਾਚਲ ਦਾ ਰੁਖ਼ ਕਰਨ ਲੱਗੇ ਹਨ।

ਐਤਵਾਰ ਨੂੰ ਪਰਵਾਣੂ ਬੈਰੀਅਰ ਤੋਂ ਲਗਪਗ ਇਕ ਹਜ਼ਾਰ ਈ-ਪਾਸ ਜਾਰੀ ਕੀਤੇ ਗਏ। ਪਿਛਲੇ 24 ਘੰਟਿਆਂ 'ਚ ਕਰੀਬ ਚਾਰ ਹਜ਼ਾਰ ਅਜਿਹੇ ਵਾਹਨ ਹਿਮਾਚਲ 'ਚ ਦਾਖਲ ਹੋਏ ਹਨ ਜਿਹੜੇ ਆਨਲਾਈਨ ਕੋਵਿਡ ਈ-ਪਾਸ ਨਾਲ ਲੈ ਕੇ ਆਏ ਸਨ।