ਸਟੇਟ ਬਿਊਰੋ, ਸ੍ਰੀਨਗਰ : ਚੀਨ ਨਾਲ ਲਗਾਤਾਰ ਵਧਦੇ ਸੈਨਿਕ ਤਣਾਅ ਦਰਮਿਆਨ ਭਾਰਤੀ ਹਵਾਈ ਫ਼ੌਜ ਨੇ ਲੱਦਾਖ 'ਚ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੇ ਸੁਖੋਈ ਤੇ ਮਿਰਾਜ ਵਰਗੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਗਲਵਾਂ ਵਾਦੀ ਤੋਂ ਲੈ ਕੇ ਫਿੰਗਰ-4 ਇਲਾਕੇ ਵਿਚ ਥਲ ਸੈਨਾ ਨੇ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਜ਼ਰੂਰੀ ਜੰਗੀ ਸਾਜ਼ੋ-ਸਾਮਾਨ ਤੇ ਜਵਾਨਾਂ ਤੇ ਅਧਿਕਾਰੀਆਂ ਦੀ ਵਾਧੂ ਤਾਇਨਾਤੀ ਵੀ ਸ਼ੁਰੂ ਕਰ ਦਿੱਤੀ ਹੈ। ਤਿਆਰੀਆਂ ਦੀ ਅੰਦਾਜ਼ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਬੀਤੇ ਕੁਝ ਦਿਨ੍ਹਾਂ ਤੋਂ ਹਰ ਰੋਜ਼ 80 ਤੋਂ 90 ਟਰੱਕ ਲੱਦਾਖ ਦੇ ਸਰਹੱਦੀ ਇਲਾਕਿਆਂ ਵੱਲ ਜਾ ਰਹੇ ਹਨ। ਤੋਪਖ਼ਾਨਾ ਤੇ ਟੈਂਕ ਵੀ ਭੇਜੇ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਟਰੱਕਾਂ ਨੂੰ ਕਸ਼ਮੀਰ ਵਾਦੀ ਤੋਂ ਹੀ ਭੇਜਿਆ ਜਾ ਰਿਹਾ ਹੈ। ਇਸ ਦਰਮਿਆਨ ਮੰਗਲਵਾਰ ਨੂੰ ਫ਼ੌਜ ਦੀ ਉੱਤਰੀ ਕਮਾਨ ਦੇ ਜੀਓਸੀ ਇਨ ਸੀ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਵੀ ਲੇਹ ਪੁੱਜ ਗਏ।

ਸੂਤਰਾਂ ਨੇ ਦੱਸਿਆ ਕਿ ਗਲਵਾਂ ਵਾਦੀ, ਹਾਟ ਸਪਰਿੰਗ ਤੇ ਫਿੰਗਰ-4 ਇਲਾਕੇ ਵਿਚ ਤਾਇਨਾਤ ਕੀਤੇ ਜਾ ਰਹੇ ਜਵਾਨਾਂ ਨੂੰ ਪਹਿਲਾਂ ਕੁਝ ਦਿਨਾਂ ਤਕ ਲੇਹ ਤੇ ਹੋਰਨਾਂ ਥਾਵਾਂ 'ਤੇ ਰੱਖਿਆ ਗਿਆ ਤਾਂ ਜੋ ਉਹ ਸਥਾਨਕ ਭੂਗੋੋਲਿਕ ਹਾਲਾਤ ਅਨੁਸਾਰ ਖ਼ੁਦ ਨੂੰ ਢਾਲ਼ ਸਕਣ। ਲੱਦਾਖ ਦੇ ਸਰਹੱਦੀ ਇਲਾਕਿਆਂ ਵਿਚ ਤੋਪਖ਼ਾਨਾ ਤੇ ਟੈਂਕ ਵੀ ਭੇਜੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਲੱਦਾਖ ਸਥਿਤ ਫ਼ੌਜ ਦੀ 14 ਕੋਰ ਕਿਸੇ ਵੀ ਸਥਿਤੀ ਨਾਲ ਨਿਪਟਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਉਸ ਕੋਲ ਤੋਪਖ਼ਾਨਾ, ਟੈਂਕ ਤੇ ਹੋਰ ਜ਼ਰੂਰੀ ਜੰਗੀ ਸਮੱਗਰੀ ਤੇ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਹੋਰਨ ਇਲਾਕਿਆਂ ਤੋਂ ਜੋ ਫ਼ੌਜੀ ਤੇ ਸੈਨਿਕ ਸਾਜ਼ੋ-ਸਾਮਾਨ ਤਾਇਨਾਤ ਕੀਤਾ ਜਾ ਰਿਹਾ ਹੈ ਉਹ ਸਿਰਫ਼ ਵਾਧੂ ਤੇ ਸਰਹੱਦ 'ਤੇ ਅਗਾਊਂ ਤਾਇਨਾਤੀ ਲਈ ਹੈ। ਭਾਰਤੀ ਹਵਾਈ ਫ਼ੌਜ ਨੇ ਵੀ ਲੱਦਾਖ 'ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।

ਭਾਰਤ ਆਪਣੇ ਹਵਾਈ ਖੇਤਰ ਵਿਚ ਉਡਾ ਰਿਹਾ ਹੈ ਸੁਖੋਈ ਤੇ ਮਿਰਾਜ਼ ਜਹਾਜ਼

ਭਾਰਤੀ ਹਵਾਈ ਫ਼ੌਜ ਦੇ ਪਾਇਲਟ ਪੂਰਬੀ ਲੱਦਾਖ 'ਚ ਆਪਣੀ ਹਵਾਈ ਸੀਮਾ ਅੰਦਰ ਸੁਖੋਈ ਤੇ ਮਿਰਾਜ ਜਹਾਜ਼ ਉਡਾ ਰਹੇ ਹਨ। ਚੀਨ ਦੀ ਹਵਾਈ ਫ਼ੌਜ ਵੀ ਆਪਣੀਆਂ ਸਰਗਰਮੀਆਂ ਲਗਾਤਾਰ ਵਧਾ ਰਹੀ ਹੈ। ਪੂਰਬੀ ਲੱਦਾਖ 'ਚ ਗਲਵਾਂ ਵਾਦੀ ਨਾਲ ਲੱਗਦੇ ਦੁਰਬੁਕ ਇਲਾਕੇ 'ਚ ਵੱਸੇ ਦਿਹਾਤੀ ਲੋਕਾਂ ਮੁਤਾਬਕ ਬੀਤੇ ਕੁਝ ਦਿਨਾਂ ਤੋਂ ਭਾਰਤੀ ਫ਼ੌਜ ਦੀਆਂ ਸਰਗਰਮੀਆਂ ਤੇਜ਼ੀ ਨਾਲ ਵਧੀਆਂ ਹਨ। ਰੋਜ਼ਾਨਾ ਸ਼ਾਮ ਨੂੰ ਹਨੇਰਾ ਹੋਣ ਦੇ ਨਾਲ ਹੀ 80-90 ਟਰੱਕ ਸਰਹੱਦੀ ਇਲਾਕਿਆਂ ਵੱਲ ਜਾ ਰਹੇ ਹਨ। ਇਨ੍ਹਾਂ ਕਾਫਲਿਆਂ 'ਚ ਨਾਗਰਿਕ ਵਾਹਨ ਵੀ ਸ਼ਾਮਲ ਰਹਿੰਦੇ ਹਨ। ਉਨ੍ਹਾਂ 1962 ਤੋਂ ਬਾਅਦ ਅਜਿਹੀਆਂ ਫ਼ੌਜੀ ਸਰਗਰਮੀਆਂ ਪਹਿਲੀ ਵਾਰ ਦੇਖੀਆਂ ਹਨ।

ਲੈਫ. ਜਨਰਲ ਵਾਈ ਕੇ ਜੋਸ਼ੀ ਨੇ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਕੀਤੀ ਗੱਲ

ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਵੀ ਮੰਗਲਵਾਰ ਸਵੇਰੇ ਹੀ ਊਧਮਪੁਰ ਤੋਂ ਲੇਹ ਪੁੱਜੇ ਹਨ। ਉਨ੍ਹਾਂ ਨੇ ਪੂਰਬੀ ਲੱਦਾਖ ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ 14 ਕੋਰ ਕਮਾਂਡਰ ਲੈਫ. ਜਨਰਲ ਹਰਿੰਦਰ ਸਿੰਘ ਤੇ ਹੋਰਨਾਂ ਸੀਨੀਅਰ ਫ਼ੌਜੀ ਅਧਿਾਕਰੀਆਂ ਨਾਲ ਦੁਪਹਿਰੇ ਮੀਟਿੰਗ ਵੀ ਕੀਤੀ। ਇਸ ਤੋਂ ਪਹਿਲਾਂ ਉਹ 22 ਮਈ ਨੂੰ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਦੇ ਦੌਰੇ ਵੇਲੇ ਲੇਹ ਆਏ ਸਨ। ਕਾਰਗਿਲ ਯੁੱਧ 'ਚ ਹਿੱਸਾ ਲੈ ਚੁੱਕੇ ਲੈਫਟੀਨੈਂਟ ਜਨਰਲ ਜੋਸ਼ੀ ਨੇ ਮੀਟਿੰਗ ਵਿਚ ਚੀਨ ਦੀ ਫ਼ੌਜ ਨਾਲ ਮੌਜੂਦਾ ਤਣਾਅ ਨੂੰ ਹੱਲ ਕਰਨ ਲਈ ਸਥਾਨਕ ਪੱਧਰ 'ਤੇ ਦੋਵਾਂ ਪਾਸਿਆਂ ਦੇ ਫ਼ੈਜੀ ਕਮਾਂਡਰਾਂ ਦਰਮਿਆਨ ਹੋਈਆਂ ਵੱਖ-ਵੱਖ ਗੱਲਬਾਤਾਂ ਦੇ ਸੰਦਰਭ 'ਚ ਅਧਿਕਾਰੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਉਹ ਆਨਗਰਾਊਂਡ ਹਾਲਾਤ ਅਨੁਸਾਰ ਚੀਨੀ ਫ਼ੌਜ ਦੀਆਂ ਸਰਗਰਮੀਆਂ 'ਤੇ ਰੋਕ ਲਾਉਣ ਲਈ ਕਾਰਵਾਈ ਕਰਦੇ ਰਹਿਣ।