ਲਾਵਾ ਪਾਂਡੇ, ਬਾਲੇਸ਼ਵਰ : ਭਾਰਤ ਦੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਤੇ ਰੂਸ ਦੇ ਵਿਗਿਆਨੀਆਂ ਦੇ ਸਾਂਝੇ ਯਤਨ ਨਾਲ ਬਣਾਈ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਬ੍ਹਮੋਜ਼ ਦਾ ਬੁੱਧਵਾਰ ਨੂੰ ਬਾਲੇਸ਼ਵਰ 'ਚ ਸਫਲਤਾਪੂਰਵਕ ਤਜਰਬਾ ਕੀਤਾ ਗਿਆ। ਇਹ ਸੁਪਰ ਸੋਨਿਕ ਮਿਜ਼ਾਈਲ ਆਵਾਜ਼ ਦੀ ਰਫ਼ਤਾਰ ਨਾਲੋਂ ਵੀ 2.8 ਗੁਣਾ ਤੇਜ਼ ਗਤੀ ਨਾਲ ਆਪਣੇ ਟੀਚੇ ਨੂੰ ਫੁੰਡਣ ਦੀ ਸਮਰੱਥਾ ਰੱਖਦੀ ਹੈ। ਇਸ ਮਿਜ਼ਾਈਲ ਨੂੰ ਕਿਸੇ ਵੀ ਦਿਸ਼ਾ 'ਚ ਟੀਚੇ ਵੱਲ ਤੇ ਮਨਮਰਜ਼ੀ ਨਾਲ ਛੱਡਿਆ ਜਾ ਸਕਦਾ ਹੈ। ਸੰਘਣੀ ਆਬਾਦੀ 'ਚ ਵੀ ਛੋਟੇ ਟੀਚਿਆਂ ਨੂੰ ਸਟੀਕਤਾ ਨਾਲ ਫੁੰਡਣ 'ਚ ਇਹ ਮਿਜ਼ਾਈਲ ਮਾਹਰ ਹੈ।

ਮਿਜ਼ਾਈਲ 8.4 ਮੀਟਰ ਲੰਬੀ ਤੇ 0.6 ਮੀਟਰ ਚੌੜੀ ਹੈ। ਇਸ ਦਾ ਵਜ਼ਨ 3000 ਕਿਲੋਗ੍ਰਾਮ ਹੈ। ਇਹ ਮਿਜ਼ਾਈਲ 300 ਵਜ਼ਨ ਤਕ ਧਮਾਕਾਖੇਜ਼ ਢੋਣ ਤੇ 300 ਤੋਂ 500 ਕਿਲੋਮੀਟਰ ਤਕ ਵਾਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਜ਼ਮੀਨ, ਹਵਾ, ਪਾਣੀ ਤੇ ਮੋਬਾਈਲ ਲਾਂਚਰ ਨਾਲ ਦਾਗਿਆ ਜਾ ਸਕਦਾ ਹੈ।

ਬ੍ਹਮੋਜ਼ ਮਿਜ਼ਾਈਲ ਇਕ ਦੋ ਪੜਾਵੀਂ ਵਾਹਨ ਹੈ, ਜਿਸ 'ਚ ਠੋਸ ਪ੍ਰੋਪਲੇਟ ਬੂਸਟਰ ਤੇ ਇਕ ਤਰਲ ਪ੍ਰਰੋਪਲੇਟ ਰੇਮਜੇਮ ਸਿਸਟਮ ਹੈ। ਬ੍ਹਮੋਜ਼ ਦਾ ਪਹਿਲਾ ਤਜਰਬਾ 12 ਜੂਨ, 2001 ਨੂੰ ਆਰਟੀਆਰ ਚਾਂਦੀਪੁਰ ਤੋਂ ਹੀ ਕੀਤਾ ਗਿਆ ਸੀ। ਬੁੱਧਵਾਰ ਨੂੰ ਇਸ ਦੇ ਤਜਰਬੇ ਮੌਕੇ 'ਤੇ ਡੀਆਰਡੀਓ ਤੇ ਆਰਟੀਆਰ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਤੇ ਵਿਗਿਆਨੀਆਂ ਦਾ ਗਰੁੱਪ ਮੌਜੂਦ ਸੀ। ਇਥੇ ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਭਾਰਤ ਨਵੀਆਂ ਕਿਸਮ ਦੀਆਂ ਮਿਜ਼ਾਈਲਾਂ ਨਾਲ ਪੁਰਾਣੀ ਮਿਜ਼ਾਈਲਾਂ ਦਾ ਵੀ ਤਜਰਬਾ ਕਰ ਰਿਹਾ ਹੈ।