ਬਾਲਾਸੋਰ : ਸਵਦੇਸ਼ੀ ਤਕਨੀਕ ਨਾਲ ਬਣੀ ਸਬਸੋਨਿਕ ਕਰੂਜ਼ ਮਿਜ਼ਾਈਲ 'ਨਿਰਭਯ' ਦਾ ਸੋਮਵਾਰ ਨੂੰ ਚਾਂਦੀਪੁਰ ਸਥਿਤ ਪ੍ਰੀਖਣ ਸਥਾਨ ਤੋਂ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। ਇਹ ਮਿਜ਼ਾਈਲ ਪਾਕਿਸਤਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਤਕ ਹਮਲਾ ਕਰਨ ਵਿਚ ਸਮਰੱਥ ਹੈ। ਇਸ ਨਾਲ ਭਾਰਤ ਦੇ ਰੱਖਿਆ ਤੰਤਰ ਨੂੰ ਇਕ ਹੋਰ ਮਜ਼ਬੂਤੀ ਮਿਲੇਗੀ।

ਇਹ ਮਿਜ਼ਾਈਲ ਬਿਨਾਂ ਭਟਕੇ ਆਪਣੇ ਨਿਸ਼ਾਨੇ 'ਤੇ ਅਚੂਕ ਮਾਰ ਕਰਨ ਵਿਚ ਸਮਰੱਥ ਹੈ। ਇਸ ਦੇ ਪ੍ਰਰੀਖਣ ਦੇ ਮੌਕੇ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀਆਰਡੀਓ ਅਤੇ ਅੰਤਰਿਮ ਪ੍ਰੀਖਣ ਪ੍ਰੀਸ਼ਦ ਦੇ ਸੀਨੀਅਰ ਵਿਗਿਆਨੀ ਅਤੇ ਅਧਿਕਾਰੀਆਂ ਦਾ ਦਲ ਮੌਕੇ 'ਤੇ ਮੌਜੂਦ ਸੀ।

ਸੂਤਰਾਂ ਦੀ ਮੰਨੀਏ ਤਾਂ ਇਹ ਮਿਜ਼ਾਈਲ 1000 ਕਿਲੋਮੀਟਰ ਤਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਮਿਜ਼ਾਈਲ ਨਾਲ ਭਾਰਤ ਦੀ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤੀ ਤਾਂ ਮਿਲੇਗੀ ਹੀ, ਇਸ ਦੀ ਜੱਦ ਵਿਚ ਪਾਕਿਸਤਾਨ ਤੇ ਚੀਨ ਸਮੇਤ ਕਈ ਦੇਸ਼ ਆ ਸਕਦੇ ਹਨ। ਇਹ ਮਿਜ਼ਾਈਲ ਕੁਝ ਹੀ ਸਕਿੰਟ ਵਿਚ ਦੁਸ਼ਮਣ ਦੇਸ਼ ਦੇ ਕਿਸੇ ਵੀ ਟਾਰਗੈੱਟ ਨੂੰ ਤਬਾਹ ਕਰਨ ਵਿਚ ਸਮਰੱਥ ਹੈ। ਇਹ ਮਿਜ਼ਾਈਲ 300 ਕਿੱਲੋਗ੍ਰਾਮ ਤਕ ਧਮਾਕਾਖੇਜ਼ ਸਮੱਗਰੀ ਲਿਜਾਣ ਵਿਚ ਸਮਰੱਥ ਹੈ।

ਇਸ ਮਿਜ਼ਾਈਲ ਦਾ ਪਹਿਲਾਂ ਵੀ ਕਈ ਵਾਰ ਚਾਂਦੀਪੁਰ ਤੋਂ ਸਫਲਤਾਪੂਰਵਕ ਪ੍ਰੀਖਣ ਕੀਤਾ ਜਾ ਚੁੱਕਾ ਹੈ। ਇਸ ਮਿਜ਼ਾਈਲ ਦਾ ਪਹਿਲਾ ਪ੍ਰੀਖਣ 12 ਮਾਰਚ 2013 ਨੂੰ ਕੀਤਾ ਗਿਆ ਸੀ।