ਜੇਐੱਨਐੱਨ, ਉਦੈਪੁਰ : ਰਾਜਸਥਾਨ ਦੇ ਉਦੈਪੁਰ ਦੇ ਈਡਾਣਾ ਪਿੰਡ ਸਥਿਤ ਇਕ ਨਿੱਜੀ ਸਕੂਲ 'ਚ ਇਕ ਵਿਦਿਆਰਥੀ ਨੂੰ ਨੰਗਾ ਕਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਿਸ ਨੇ ਦੋ ਅਧਿਆਪਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਇਹ ਘਟਨਾ 17 ਮਾਰਚ ਦੀ ਹੈ ਪਰ ਮੁਲਜ਼ਮ ਅਧਿਆਪਕ ਸਰਾੜੀ ਨਿਵਾਸੀ ਅੰਬਾਲਾਲ ਜੋਸ਼ੀ ਤੇ ਨਰੇਸ਼ ਜੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਦਾ ਪਰਦਾਫਾਸ਼ ਹੋਇਆ ਹੈ।

ਗੀਂਗਲਾ ਥਾਣਾ ਅਧਿਕਾਰੀ ਤੇਜਕਰਨ ਸਿੰਘ ਨੇ ਦੱਸਿਆ ਕਿ ਪੀੜਤ ਬੱਚੇ ਦੇ ਪਿਤਾ ਨੇ 29 ਮਾਰਚ ਨੂੰ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਗਾਇਤਰੀ ਵੈਦ ਰੈਜੀਡੈਂਸ਼ੀਅਲ ਸਕੂਲ 'ਚ 11ਵੀਂ ਜਮਾਤ 'ਚ ਪੜ੍ਹਦਾ ਹੈ। ਬੀਤੀ 17 ਮਾਰਚ ਨੂੰ ਸਕੂਲ ਦੇ ਅਧਿਆਪਕ ਅੰਬਾਲਾਲ ਜੋਸ਼ੀ ਤੇ ਸਹਾਇਤਾ ਅਧਿਆਪਕ ਨਰੇਸ਼ ਜੋਸ਼ੀ ਨੇ ਉਨ੍ਹਾਂ ਦੇ ਪੁੱਤਰ ਨੰਗਾ ਕਰ ਕੇ ਬੇਰਹਿਮੀ ਨਾਲ ਕੁੱਟਿਆ। ਮਾਮਲੇ ਦੀ ਮੁੱਢਲੀ ਜਾਂਚ 'ਚ ਸ਼ਿਕਾਇਤ ਸਹੀ ਪਾਏ ਜਾਣ ਤੋਂ ਬਾਅਦ ਅਧਿਆਪਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਪਤਾ ਲੱਗਾ ਕਿ ਸਕੂਲ ਦੇ ਹੋਸਟਲ ਦੇ ਇਕ ਕਮਰੇ 'ਚ 10 ਬੱਚੇ ਰਹਿੰਦੇ ਸਨ, ਸਾਰੇ ਬੈੱਡਾਂ ਵਿਚਾਲੇ ਲੱਕੜੀ ਦੀ ਪਾਰਟੀਸ਼ਨ ਕੀਤੀ ਹੋਈ ਹੈ। ਕਿਸੇ ਬੱਚੇ ਨੇ ਇਸ ਨੂੰ ਤੋੜ ਦਿੱਤਾ ਸੀ। ਅਜਿਹੇ 'ਚ ਕਿਸੇ ਬੱਚੇ ਇਸ ਘਟਨਾ ਨੂੰ ਲੈ ਕੇ ਉਨ੍ਹਾਂ ਦੇ ਪੁੱਤਰ ਦਾ ਨਾਂ ਲੈ ਲਿਆ, ਜਿਸ 'ਤੇ ਅਧਿਆਪਕ ਅੰਬਾਲਾਲ ਨੇ ਉਨ੍ਹਾਂ ਦੇ ਬੱਚੇ ਨੂੰ ਸਕੂਲ ਦੇ ਬਗ਼ੀਚੇ 'ਚ ਸੱਦਿਆ ਤੇ ਲਾਠੀ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਪੈਂਟ ਵੀ ਲੁਹਾਈ ਤੇ ਕੁੱਟਮਾਰ ਜਾਰੀ ਰੱਖੀ। ਸਹਿਮੇ ਬੱਚੇ ਨੇ ਦੋ ਹਫ਼ਤੇ ਤਕ ਇਸ ਘਟਨਾ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਵੀ ਨਹੀਂ ਦਿੱਤੀ।

ਬੀਤੀ 23 ਮਾਰਚ ਨੂੰ ਸਕੂਲ 'ਚ ਮਾਪਿਆਂ ਨਾਲ ਮਿਲਣੀ ਸੀ ਤੇ ਛੁੱਟੀ ਹੋਣ 'ਤੇ ਮਾਪੇ ਜਦੋਂ ਪੁੱਤਰ ਨੂੰ ਘਰ ਲੈ ਕੇ ਆਏ। ਉਦੋਂ ਉਸ ਨੇ ਆਪਣੀ ਮਾਂ ਨੂੰ ਇਹ ਗੱਲ ਦੱਸੀ ਸੀ। ਇਸ ਤੋਂ ਬਾਅਦ ਉਹ ਥਾਣੇ ਪੁੱਜੇ ਤੇ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾਇਆ, ਜਿਸ 'ਚ ਦੋ ਹਫ਼ਤੇ ਪਹਿਲਾਂ ਕੀਤੀ ਗਈ ਕੁੱਟਮਾਰ ਦੀ ਪੁਸ਼ਟੀ ਹੋਈ ਹੈ।