ਸ਼ਤਰੂਘਨ ਸ਼ਰਮਾ, ਅਹਿਮਦਾਬਾਦ : ਗ਼ੈਰ ਸਕੱਤਰੇਤ ਮੁਲਾਜ਼ਮ ਭਰਤੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਗਾਂਧੀਨਗਰ ਵਿਚ ਅੰਦੋਲਨ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਅਤੇ ਸਰਕਾਰ ਵਿਚਕਾਰ ਅੜਿੱਕਾ ਜਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਐੱਸਆਈਟੀ ਜਾਂਚ ਦੀ ਗੱਲ ਕਹੀ ਹੈ ਪ੍ਰੰਤੂ ਵਿਦਿਆਰਥੀਆਂ ਨੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਉਧਰ, ਧਰਨਾ ਸਥਾਨ 'ਤੇ ਅੰਦੋਲਨ ਦਾ ਸਮਰਥਨ ਕਰਨ ਪੁੱਜੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਧੱਕੇ ਮਾਰ ਕੇ ਵਿਦਿਆਰਥੀਆਂ ਨੇ ਬਾਹਰ ਕੱਢ ਦਿੱਤਾ।

ਅੰਦੋਲਨ ਕਰ ਰਹੇ ਹਜ਼ਾਰਾਂ ਵਿਦਿਆਰਥੀ ਬੀਤੇ ਦੋ ਦਿਨਾਂ ਤੋਂ ਗਾਂਧੀਨਗਰ ਵਿਚ ਜੰਮੇ ਹੋਏ ਹਨ। ਸਰਕਾਰ ਭਰਤੀ ਪ੍ਰੀਖਿਆ ਵਿਚ ਗੜਬੜੀ ਦੀ ਐੱਸਆਈਟੀ ਜਾਂਚ ਕਰਵਾਉਣ ਨੂੰ ਤਿਆਰ ਹੈ ਪ੍ਰੰਤੂ ਵਿਦਿਆਰਥੀਆਂ ਦੀ ਮੰਗ ਹੈ ਕਿ ਪ੍ਰਰੀਖਿਆ ਰੱਦ ਕੀਤੀ ਜਾਏ ਅਤੇ ਦੁਬਾਰਾ ਪ੍ਰੀਖਿਆ ਕਰਵਾਈ ਜਾਏ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਸਕੱਤਰ ਕੇ. ਕੈਲਾਸਨਾਥਨ ਅਤੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਨਾਲ ਚਰਚਾ ਕਰਨ ਪਿੱਛੋਂ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਪਾਰਦਰਸ਼ੀ ਤਰੀਕੇ ਨਾਲ ਜਾਂਚ ਨੂੰ ਤਿਆਰ ਹੈ। ਸਰਕਾਰ ਨੇ ਐੱਸਆਈਟੀ ਦੇ ਗਠਨ ਦੇ ਵੀ ਸੰਕੇਤ ਦਿੱਤੇ। ਇਸ ਪਿੱਛੋਂ ਹਾਲਾਂਕਿ ਵਿਦਿਆਰਥੀ ਆਗੂ ਯੁਵਰਾਜ ਸਿੰਘ ਨੇ ਅੰਦੋਲਨ ਸਮੇਟਣ ਦੇ ਸੰਕੇਤ ਦਿੱਤੇ ਪ੍ਰੰਤੂ ਦੂਜੇ ਵਿਦਿਆਰਥੀ ਪ੍ਰੀਖਿਆ ਰੱਦ ਹੋਣ ਤਕ ਇਥੇ ਡਟੇ ਰਹਿਣ 'ਤੇ ਅੜੇ ਹੋਏ ਹਨ।

ਵੀਰਵਾਰ ਦੁਪਹਿਰ ਕਾਂਗਰਸੀ ਆਗੂ ਪਟੇਲ ਵੀ ਅੰਦੋਲਨ ਦੇ ਸਮਰਥਨ ਵਿਚ ਪੁੱਜੇ ਪ੍ਰੰਤੂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਧਰਨਾ ਸਥਾਨ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਪਹਿਲੇ ਸੂਬਾ ਕਾਂਗਰਸ ਪ੍ਰਧਾਨ ਅਮਿਤ ਚਾਵੜਾ, ਸੀਨੀਅਰ ਆਗੂ ਸ਼ੰਕਰ ਸਿੰਘ ਵਾਘੇਲਾ ਅਤੇ ਕਰਨੀ ਸੈਨਾ ਦੇ ਪ੍ਰਧਾਨ ਰਾਜ ਸਿੰਘ ਸ਼ੇਖਾਵਤ ਨੇ ਵੀ ਅੰਦੋਲਨਕਾਰੀਆਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਧਰਨੇ 'ਤੇ ਬੈਠੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅੰਦੋਲਨ ਦੇ ਨਾਂ 'ਤੇ ਅਸੀਂ ਕਿਸੇ ਦੂਜੇ ਨੂੰ ਰਾਜਨੀਤੀ ਨਹੀਂ ਕਰਨ ਦੇਣਾ ਚਾਹੁੰਦੇ ਹਾਂ। ਕਰੀਬ ਦੋ ਹਫ਼ਤੇ ਤੋਂ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀ ਅੰਦੋਲਨ ਕਰ ਰਹੇ ਹਨ ਪ੍ਰੰਤੂ ਤਦ ਕੋਈ ਆਗੂ ਮਦਦ ਨੂੰ ਨਹੀਂ ਆਇਆ।

ਦੱਸਣਯੋਗ ਹੈ ਕਿ ਗੁਜਰਾਤ ਭਰਤੀ ਮੰਡਲ ਵੱਲੋਂ ਗ਼ੈਰ ਸਕੱਤਰੇਤ ਮੁਲਾਜ਼ਮਾਂ ਦੀਆਂ ਤਿੰਨ ਹਜ਼ਾਰ ਆਸਾਮੀਆਂ ਲਈ 19 ਨਵੰਬਰ ਨੂੰ ਪ੍ਰੀਖਿਆ ਕਰਵਾਈ ਗਈ ਸੀ। ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਦਾ ਕਹਿਣਾ ਹੈ ਕਿ ਸਾਬਰਕਾਂਠਾ, ਮਹਿਸਾਨਾ, ਗੀਰ ਸੋਮਨਾਥ, ਪਾਲਨਪੁਰ ਸਮੇਤ ਪੰਜ ਜ਼ਿਲਿ੍ਆਂ ਵਿਚ ਪੇਪਰ ਲੀਕ ਹੋਣ ਅਤੇ ਨਕਲ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਰਾਜ ਦੇ 305 ਬਲਾਕਾਂ ਦੇ 3,173 ਕੇਂਦਰਾਂ 'ਤੇ ਪ੍ਰੀਖਿਆ ਕਰਵਾਈ ਗਈ ਸੀ। ਇਨ੍ਹਾਂ ਵਿਚੋਂ 98 ਫ਼ੀਸਦੀ ਕੇਂਦਰਾਂ 'ਤੇ ਸੀਸੀਟੀਵੀ ਲੱਗੇ ਸਨ। ਸਰਕਾਰ ਸੀਸੀਟੀਵੀ ਫੁਟੇਜ ਦੀ ਜਾਂਚ ਕਰਵਾ ਰਹੀ ਹੈ। ਪਾਲਨਪੁਰ ਵਿਚ ਵ੍ਹਟਸਐਪ ਰਾਹੀਂ ਨਕਲ ਕਰਨ ਦੇ ਮਾਮਲੇ ਵਿਚ ਪ੍ਰੀਖਿਆ ਦੇ ਰਹੇ ਉਮੀਦਵਾਰ ਅਤੇ ਨਕਲ ਕਰਵਾਉਣ ਵਾਲੇ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ।