ਅਵਧੇਸ਼ ਚੌਹਾਨ, ਜੰਮੂ : ਨਗਰੋਟਾ ਦੇ ਬਨ ਟੋਲ ਪਲਾਜ਼ਾ 'ਤੇ ਮੁਕਾਬਲੇ 'ਚ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਪਾਕਿ ਪ੍ਰਸਤ ਚਾਰੇ ਅੱਤਵਾਦੀਆਂ ਤੋਂ ਬਰਾਮਦ ਸਮਾਰਟ ਫੋਨ 'ਚ ਮਿਲੇ ਸੰਦੇਸ਼ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਸੰਦੇਸ਼ਾਂ ਤੋਂ ਸਪਸ਼ਟ ਹੈ ਕਿ ਅੱਤਵਾਦੀ ਸਰਹੱਦ ਪਾਰ (ਪਾਕਿਸਤਾਨ 'ਚ) ਬੈਠੇ ਆਪਣੇ ਆਕਾਵਾਂ ਦੇ ਲਗਾਤਾਰ ਸੰਪਰਕ 'ਚ ਸਨ। ਉਨ੍ਹਾਂ ਦੇ ਹੈਂਡਲਰ ਵੀ ਉਨ੍ਹਾਂ ਦੀ ਪਲ-ਪਲ ਖ਼ਬਰ ਲੈ ਰਹੇ ਸਨ।

... ਕਿੱਥੇ ਪੁੱਜੇ? ... ਕੀ ਸੂਰਤ-ਏ-ਹਾਲ ਹੈ? ਕੋਈ ਮੁਸ਼ਕਿਲ ਤਾਂ ਨਹੀਂ? ... ਦੋ ਵਜੇ, ਫਿਰ ਦੱਸ ਦੇਣਾ। ਇਹ ਸੰਦੇਸ਼ ਪਾਕਿਸਤਾਨੀ ਕੰਪਨੀ ਮਾਈਕ੍ਰੋ ਇਲੈਕਟ੍ਰਾਨਿਕਸ ਵੱਲੋਂ ਬਣਾਏ ਸਮਾਰਟ ਫੋਨ ਤੋਂ ਮਿਲੇ ਹਨ। ਇਸ ਸਮਾਰਟ ਫੋਨ ਤੋਂ ਅੱਤਵਾਦੀਆਂ ਦੇ ਫਿੰਗਰ ਪ੍ਰਿੰਟ ਵੀ ਲਏ ਗਏ ਹਨ। ਇਹ ਸੰਦੇਸ਼ ਅੰਤਰਰਾਸ਼ਟਰੀ ਸਰਹੱਦ ਪਾਰ ਸਿਆਲਕੋਟ ਬੈਲਟ ਤੋਂ ਲਗਾਤਾਰ ਮਿਲ ਰਹੇ ਸਨ। ਅੱਤਵਾਦੀਆਂ ਤੋਂ ਇਕ ਵਾਇਰਲੈਸ ਸੈੱਟ ਤੇ ਇਕ ਜੀਪੀਐੱਸ ਵੀ ਬਰਾਮਦ ਹੋਇਆ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਜੈਸ਼ ਦੇ ਸਰਗਨੇ ਮਸੂਦ ਅਜ਼ਹਰ ਦਾ ਭਰਾ ਰਊਫ ਲਾਲਾ ਇਨ੍ਹਾਂ ਅੱਤਵਾਦੀਆਂ ਦੇ ਸੰਪਰਕ 'ਚ ਸੀ। ਖ਼ੁਫ਼ੀਆ ਏਜੰਸੀਆਂ ਨੇ ਪਿਛਲੇ ਦਿਨੀਂ ਰਊਫ ਦੇ ਜੰਮੂ ਡਵੀਜ਼ਨ 'ਚ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਸ਼ੱਕਰਗੜ੍ਹ 'ਚ ਹੋਣ ਦੀ ਸੂਚਨਾ ਦਿੱਤੀ ਸੀ। ਸ਼ੱਕਰਗੜ੍ਹ 'ਚ ਅੱਤਵਾਦੀਆਂ ਦਾ ਲਾਂਚ ਪੈਡ ਵੀ ਹੈ। ਜਿੱਥੇ ਰਊਫ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਕਈ ਇਲਾਕਿਆਂ 'ਚ ਦੇਖਿਆ ਗਿਆ ਸੀ। ਰਊਫ ਨੂੰ ਹੀ ਇਸ ਹਮਲੇ ਦਾ ਸਾਜ਼ਿਸ਼ਕਰਤਾ ਮੰਨਿਆ ਜਾ ਰਿਹਾ ਹੈ।

ਡ੍ਰੋਨ ਨਾਲ ਸੁੱਟੇ ਗਏ ਸਨ ਹਥਿਆਰ

ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਜਿਹੜੇ ਹਥਿਆਰ ਤੇ ਗੋਲ਼ਾ-ਬਾਰੂਦ ਬਰਾਮਦ ਹੋਏ ਹਨ, ਉਹ ਡ੍ਰੋਨ ਰਾਹੀਂ ਸੁੱਟੇ ਗਏ ਸਨ, ਕਿਉਂਕਿ ਅੰਤਰਰਾਸ਼ਟਰੀ ਸਰਹੱਦ 'ਤੇ ਹੀਰਾਨਗਰ, ਆਰਐੱਸਪੁਰਾ ਦੇ ਸਬ ਸੈਕਟਰ ਅਰਨੀਆ ਤੇ ਸਾਂਬਾ 'ਚ ਡ੍ਰੋਨ ਮੂਵਮੈਂਟ ਕਾਫ਼ੀ ਦੇਖੀ ਗਈ ਹੈ। ਇਨ੍ਹਾਂ ਡ੍ਰੋਨਾਂ ਦੀ ਵਰਤੋਂ ਰੇਕੀ ਤੇ ਹਥਿਆਰ ਤੇ ਗੋਲ਼ਾ-ਬਾਰੂਦ ਸੁੱਟਣ ਲਈ ਕੀਤੀ ਜਾਂਦੀ ਹੈ।

ਕੁਝ ਦਿਨ ਪਹਿਲਾਂ ਕੀਤੀ ਸੀ ਘੁਸਪੈਠ

ਸੁਰੱਖਿਆ ਏਜੰਸੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਅੱਤਵਾਦੀ ਕੁਝ ਹੀ ਦਿਨ ਪਹਿਲਾਂ ਸਾਂਬਾ ਸੈਕਟਰ ਤੋਂ ਭਾਰਤੀ ਇਲਾਕੇ 'ਚ ਵੜੇ ਸਨ ਤੇ ਇਨ੍ਹਾਂ ਦੇ ਓਵਰਗਰਾਊਂਡ ਵਰਕਰਾਂ ਨੇ ਇਨ੍ਹਾਂ ਨੂੰ ਪਨਾਹ ਦਿੱਤੀ ਸੀ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਇਕ ਵਾਰੀ ਪਹਿਲਾਂ ਵੀ ਆਏ ਸਨ ਤੇ ਰੇਕੀ ਕਰਨ ਤੋਂ ਬਾਅਦ ਪਾਕਿਸਤਾਨ ਪਰਤ ਗਏ ਸਨ। ਅੰਤਰਰਾਸ਼ਟਰੀ ਸਰਹੱਦ 'ਤੇ ਰਾਮਗੜ੍ਹ ਸੈਕਟਰ 'ਚ ਵਹਿਣ ਵਾਲਾ ਬਸੰਤਰ ਨਾਲਾ ਇਨ੍ਹਾਂ ਦੀ ਘੁਸਪੈਠ ਦਾ ਰੂਟ ਮੰਨਿਆ ਜਾ ਰਿਹਾ ਹੈ। ਇਹ ਨਾਲਾ ਪਾਕਿਸਤਾਨ ਜਾਂਦਾ ਹੈ ਤੇ ਇਸ ਵਿਚ ਪਾਣੀ ਵੀ ਘੱਟ ਹੈ ਜਿਸ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ। ਸੁਰੱਖਿਆ ਏਜੰਸੀਆਂ ਸਰਹੱਦ 'ਤੇ ਲੱਗੇ ਸੈਂਸਰਾਂ ਦੀ ਜਾਂਚ ਕਰ ਕਰ ਰਹੀਆਂ ਹਨ, ਜਿਸ ਤੋਂ ਅੱਤਵਾਦੀਆਂ ਦੀ ਮੂਵਮੈਂਟ ਦਾ ਪਤਾ ਲੱਗ ਸਕੇ। ਜੰਮੂ ਫਰੰਟੀਅਰ ਦੇ ਆਈਜੀ ਐੱਨਐਸ ਜਮਵਾਲਤੇ ਡੀਆਈਜੀ ਸੁਖਦੇਵ ਸਿੰਘ ਨੇ ਵੀ ਅੰਤਰਰਾਸ਼ਟਰੀ ਸਰਹੱਦ 'ਤੇ ਵੱਖ-ਵੱਖ ਸੈਕਟਰਾਂ 'ਚ ਜਾ ਕੇ ਖ਼ੁਦ ਜਾਂਚ ਕੀਤੀ। ਸਰਹੱਦ ਪਾਰ ਪਾਕਿਸਤਾਨੀ ਇਲਾਕਿਆਂ 'ਚ ਸਰਕੰਡਿਆਂ ਦੇ ਕਾਰਨ ਦੁਸ਼ਮਣਾਂ ਦੀ ਮੂੁਵਮੈਂਟ ਦੇਖ ਸਕਣਾ ਕਾਫ਼ੀ ਮੁਸ਼ਕਿਲ ਹੈ।