ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 2007 'ਚ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥਕ 'ਤੇ ਚੋਣ ਲੜੀ ਤੇ ਉਨ੍ਹਾਂ ਨੂੰ ਛੇ ਸੀਟਾਂ ਮਿਲੀਆਂ ਸਨ। ਉਸ ਸਮੇਂ ਦਿੱਲੀ ਦੀ ਸੰਗਤ ਨੇ ਉਨ੍ਹਾਂ ਨੂੰ ਅਹਿਮੀਅਤ ਨਹੀਂ ਦਿੱਤੀ ਤੇ ਫੇਰ ਉਹ ਆਪਣੀ ਪਾਰਟੀ ਨੂੰ ਭੰਗ ਕਰ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। 2013 'ਚ ਦਿੱਲੀ ਕਮੇਟੀ ਦੀ ਚੋਣ 'ਚ ਜਿੱਤ ਹਾਸਲ ਕਰ ਕੇ ਉਨ੍ਹਾਂ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ (ਦਿੱਲੀ ਵਿੰਗ) ਦੀ ਪ੍ਰਧਾਨਗੀ ਦਾ ਕਾਰਜ ਸੰਭਾਲਿਆ। ਇਸ ਅਹੁਦੇ ਦੀ ਪਿੱਠਭੂਮੀ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਬਹੁਤ ਵੱਡਾ ਯੋਗਦਾਨ ਸੀ। ਮਰਹੂਮ ਜੱਥੇਦਾਰ ਸੰਤੋਖ ਸਿੰਘ ਦੇ ਪਰਿਵਾਰ ਨਾਲ ਸਬੰਧਤ ਹੋਣ ਕਰ ਕੇ ਜਥੇਦਾਰ ਹੋਰਾਂ ਦੀਆਂ ਪੰਥ ਹਿੱਤ ਕੀਤੀਆਂ ਕਾਰਗੁਜ਼ਾਰੀਆਂ ਦਾ ਲਾਭ ਜੀਕੇ ਨੂੰ ਵਿਰਾਸਤ 'ਚ ਮਿਲਿਆ। ਉਨ੍ਹਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਤਿੰਨ ਵਾਰ ਸੰਭਾਲਿਆ ਤੇ ਦੇਸ਼-ਵਿਦੇਸ਼ ਤਕ ਸਿੱਖਾਂ ਦੇ ਮਸਲਿਆਂ ਨੂੰ ਚੁੱਕਦੇ ਹੋਏ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ। ਇਹ ਉਹ ਸਮਾਂ ਸੀ ਜਦੋਂ ਦਿੱਲੀ ਤੋਂ ਇਲਾਵਾ ਬਾਹਰਲੇ ਸੂਬਿਆਂ 'ਚ ਵੀ ਸਿੱਖ ਜਗਤ 'ਚ ਜੀਕੇ ਦੀ ਚੜ੍ਹਤ ਵੱਧ ਰਹੀ ਸੀ। 2017 ਦੀ ਦਿੱਲੀ ਕਮੇਟੀ ਚੋਣ 'ਚ ਜੀਕੇ ਤੇ ਉਸ ਦੀ ਟੀਮ ਨੇ ਭਾਰੀ ਜਿੱਤ ਹਾਸਲ ਕੀਤੀ ਸੀ, ਜਦਕਿ ਸ਼ੋ੍ਰਮਣੀ ਅਕਾਲੀ ਦਲ ਬਾਦਲ ਤੋਂ ਉਸ ਸਮੇਂ ਪੰਜਾਬ ਦੀ ਜਨਤਾ ਬੇਮੁੱਖ ਹੋਈ ਪਈ ਸੀ। ਕਮੇਟੀ ਦੀਆਂ ਇਨ੍ਹਾਂ ਚੋਣਾਂ 'ਚ ਜੀਕੇ ਨੇ ਦਿੱਲੀ ਦੀ ਸੰਗਤ ਅੱਗੇ ਪਾਰਟੀ ਦੇ ਕੌਮੀ ਆਗੂਆਂ ਦੀ ਤਸਵੀਰ ਲਿਆਉਣ ਦੀ ਬਜਾਏ ਆਪਣੀ ਸੁਤੰਤਰ ਹੋਂਦ ਸਾਬਤ ਕਰਨ ਦੀ ਕੋਸ਼ਿਸ ਕੀਤੀ। ਇਸੇ ਸੋਚ ਸਦਕਾ ਜੀਕੇ ਨੇ ਪਾਰਟੀ ਦੇ ਬਾਕੀ ਜੇਤੂ ਮੈਂਬਰਾਂ ਨੂੰ ਤਰਜੀਹ ਦੇਣੀ ਬੰਦ ਕਰ ਕੇ ਸੁਤੰਤਰ ਰੂਪ 'ਚ ਇੱਕ ਪਾਸੜ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਭਾਵੇਂ ਦਿੱਲੀ ਕਮੇਟੀ ਦੀ ਰਵਾਇਤੀ ਸ਼ੈਲੀ 'ਚ ਜਨਰਲ ਸਕੱਤਰ ਤੇ ਪ੍ਰਧਾਨ ਵਜੋਂ ਸਾਂਝੇ ਤੌਰ 'ਤੇ ਫੈਸਲੇ ਲਏ ਜਾਂਦੇ ਸਨ ਪਰ ਮੌਜੂਦਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀਆਂ ਤਾਕਤਾਂ ਨੂੰ ਖੂੰਜੇ ਲਾ ਕੇ ਕਈ ਵੱਡੇ ਫੈਸਲੇ ਸਿਰਸਾ ਦੀ ਜਾਣਕਾਰੀ ਤੋਂ ਬਿਨਾਂ ਲਾਗੂ ਕਰ ਦਿੱਤੇ ਗਏ, ਜੋ ਕਿ ਦਿੱਲੀ ਕਮੇਟੀ ਦੇ ਕਥਿਤ ਭਿ੫ਸ਼ਟਾਚਾਰ ਦਾ ਕਾਰਨ ਬਣੇ।

ਗੁਰਮੀਤ ਸਿੰਘ ਸ਼ੰਟੀ ਵੱਲੋਂ ਲੜੀਵਾਰ ਭਿ੫ਸ਼ਟਾਚਾਰ ਦੇ ਖੁਲਾਸਿਆਂ ਤੋਂ ਬਾਅਦ ਸੰਗਤਾਂ ਵਿੱਚ ਜੀਕੇ ਦੇ ਅਕਸ ਨੂੰ ਭਾਰੀ ਢਾਅ ਲੱਗੀ। ਭਾਵੇਂ ਧਾਰਮਿਕ ਪੁਸਤਕਾਂ ਦੇ ਜਾਅਲੀ ਬਿਲਾਂ ਦਾ ਮਸਲਾ ਹੋਵੇ ਜਾਂ ਦਿੱਲੀ ਕਮੇਟੀ ਦੇ ਕਰਮਚਾਰੀਆਂ ਦੀ ਵਰਦੀ ਦਾ ਠੇਕਾ ਆਪਣੇ ਜਵਾਈ ਨੂੰ ਦੇਣ ਦਾ ਮਸਲਾ ਹੋਵੇ। ਜਿਸ ਕਾਰਨ ਸੰਗਤਾਂ ਦੀ ਨਜ਼ਰ 'ਚ ਜੀਕੇ ਦਾ ਅਕਸ ਧੁੰਦਲਾ ਹੋਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਜੀਕੇ ਵੱਲੋਂ ਕਮੇਟੀ ਮੈਂਬਰਾਂ ਨੂੰ ਪੌਣੇ ਦੋ ਸਾਲਾਂ ਤਕ ਕੋਈ ਤਰਜੀਹ ਨਾ ਦਿੱਤੇ ਜਾਣਾ ਤੇ ਸਕੂਲਾਂ-ਕਾਲਜਾਂ ਦੀਆਂ ਕਮੇਟੀਆਂ ਭੰਗ ਕਰ ਕੇ ਉਨ੍ਹਾਂ ਨੂੰ ਮੁੜ ਨਾ ਬਣਾਉਣਾ ਵੀ ਉਨ੍ਹਾਂ ਦੇ ਨਿਘਾਰ ਦਾ ਕਾਰਨ ਬਣਿਆ। ਜੀਕੇ ਦੀ ਕਾਰਜਸ਼ੈਲੀ 'ਤੇ ਪਾਰਟੀ ਦੇ ਮੈਂਬਰ ਅਤੇ ਵਿਰੋਧੀ ਧਿਰ ਦੇ ਲੋਕ ਖੁੱਲ੍ਹ ਕੇ ਬੋਲਣ ਲੱਗ ਪਏ ਅਤੇ ਸੋਸ਼ਲ ਮੀਡੀਆ 'ਤੇ ਭਿ੫ਸ਼ਟਾਚਾਰ ਦੇ ਮਾਮਲੇ ਖੁੱਲ੍ਹੇਆਮ ਚਰਚਾ ਦਾ ਵਿਸ਼ਾ ਬਣਨ ਲੱਗ ਪਏ।

ਵਿਦੇਸ਼ੀ ਸੰਗਤ ਦੀ ਨਾਰਾਜ਼ਗੀ ਪਈ ਭਾਰੀ, ਕੀਤੀ ਕੁੱਟਮਾਰ

ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਜੀਕੇ ਦੀ ਕੌੜੀ ਸ਼ਬਦਾਵਲੀ ਤੋਂ ਪਹਿਲਾਂ ਹੀ ਨਾਰਾਜ਼ ਸੀ। ਵਿਦੇਸ਼ੀ ਦੌਰੇ ਸਮੇਂ ਉਥੋਂ ਦੇ ਸਿੱਖਾਂ ਵੱਲੋਂ ਜੀਕੇ ਨਾਲ ਮਾਰ ਕੁੱਟ ਕੀਤੀ ਗਈ, ਜਿਸ ਦੇ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਵਿਚਾਲੇ ਛੱਡ ਕੇ ਵਾਪਸ ਭਾਰਤ ਪਰਤਣਾ ਪਿਆ। ਆਪਣੇ ਇੱਕ ਪਾਸੜ ਫੈਸਲੇ ਕਰ ਕੇ ਇਤਿਹਾਸਕ ਗੁਰੂ ਧਾਮ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕਾਰਸੇਵਾ ਦੇ ਬਹਾਨੇ ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਵੀ ਉਨ੍ਹਾਂ ਨੂੰ ਮਹਿੰਗਾ ਪਿਆ, ਜਿਸ ਕਰ ਕੇ ਪਾਰਟੀ ਦੇ ਮੈਂਬਰਾਂ ਤੋਂ ਇਲਾਵਾ ਸਮੁੱਚੀ ਸਿੱਖ ਸੰਗਤ ਉਨ੍ਹਾਂ ਤੋਂ ਨਰਾਜ਼ ਹੋ ਗਈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਚੜ੍ਹਤ ਨੂੰ ਖੁਰਦ-ਬਰੁਦ ਕਰਨ ਦੇ ਗੰਭੀਰ ਦੋਸ਼ਾਂ ਦੀ ਸਫਾਈ 'ਚ ਖਰੇ ਨਾ ਉਤਰਨਾ ਜੀਕੇ ਦੇ ਅਕਸ ਨੂੰ ਢਾਅ ਲਾਉਣ 'ਚ ਸਹਾਈ ਹੋਇਆ। ਇਨ੍ਹਾਂ ਗੰਭੀਰ ਦੋਸ਼ਾਂ ਕਰ ਕੇ ਦਿੱਲੀ ਦੀ ਹੇਠਲੀ ਅਦਾਲਤ ਨੇ ਐੱਫਆਈਆਰ ਦਰਜ ਕਰਨ ਦਾ ਹੁਕਮ ਜਾਰੀ ਕਰ ਦਿੱਤਾ।

ਇਕ ਪਾਸੜ ਫੈਸਲਿਆਂ ਨੇ ਲਾਈ ਕਮੇਟੀ ਨੂੰ ਢਾਅ : ਸਿਰਸਾ

ਮਨਜਿੰਦਰ ਸਿਰਸਾ ਅਨੁਸਾਰ ਕਮੇਟੀ 'ਚ ਫੈਸਲੇ ਲਏ ਜਾਣ ਦੀ ਇੱਕ ਪਾਸੜ ਨੀਤੀ ਅਤੇ ਕੋਈ ਪਾਰਦਰਸ਼ਤਾ ਨਾ ਹੋਣ ਕਰ ਕੇ ਕਮੇਟੀ ਦੇ ਅਕਸ ਨੂੰ ਭਾਰੀ ਢਾਅ ਲੱਗੀ। ਸਿਰਸਾ ਹੋਰਾਂ ਦਾ ਮੰਨਣਾ ਹੈ ਕਿ ਜੀਕੇ ਦੇ ਪ੍ਰਮੁੱਖ ਫੈਸਲਿਆਂ ਦੀ ਉਨ੍ਹਾਂ ਨੰੂ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਵੱਡੇ ਖਰਚੇ ਕਰਨ ਵੇਲੇ ਵੀ ਉਨ੍ਹਾਂ ਦੀ ਪ੍ਰਵਾਨਗੀ ਲਈ ਗਈ ਸੀ, ਜਿਨ੍ਹਾਂ 'ਚ ਕਮੇਟੀ ਅਧੀਨ ਚਲਦੇ ਅਦਾਰਿਆਂ ਅੰਦਰ ਸੋਲਰ ਪੈਨਲ ਲਾਉਣਾ ਤੇ ਬਾਲਾ ਸਾਹਿਬ ਹਸਪਤਾਲ ਦੇ ਮਸਲੇ ਸ਼ਾਮਲ ਹਨ।

ਸੰਗਤ ਸਾਹਮਣੇ ਆਉਣ ਜੀਕੇ : ਚੱਢਾ

ਇਸ ਬਾਰੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤੇ ਮੌਜੂਦਾ ਕਮੇਟੀ ਮੈਂਬਰ ਐੱਮਪੀਐੱਸ ਚੱਢਾ ਦਾ ਮੰਨਣਾ ਹੈ ਕਿ ਦਿੱਲੀ ਕਮੇਟੀ ਦਾ ਸਿਸਟਮ ਹੀ ਠੀਕ ਨਹੀਂ ਸੀ ਕਿਉਂਕਿ ਜਿਹੜਾ ਪੈਸਾ ਬਾਹਰੋਂ ਆਉਂਦਾ ਸੀ, ਉਸ ਦੇ ਠੀਕ ਢੰਗ ਨਾਲ ਵਾਊਚਰ ਨਹੀਂ ਬਣਦੇ ਸਨ, ਜੋ ਕਿ ਤਕਨੀਕੀ ਤੌਰ 'ਤੇ ਗਲਤ ਸੀ। ਜੀਕੇ 'ਤੇ ਲਾਏ ਗਏ ਦੋਸ਼ਾਂ ਬਾਰੇ ਚੱਢਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੰਗਤ ਦੇ ਸਾਹਮਣੇ 'ਡਿਫੈਂਡ' ਕਰਨ ਲਈ ਆਉਣਾ ਚਾਹੀਦਾ ਹੈ।

ਜੀਕੇ ਨੇ ਗੱਲ ਨਾ ਸੁਣੀ : ਬਾਠ

ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਦਾ ਕਹਿਣਾ ਸੀ ਕਿ 2016 ਵਿੱਚ ਸਕੂਲਾਂ ਦਾ ਕੇਂਦਰੀ ਅਕਾਊਂਟ ਬਣਾਇਆ ਗਿਆ, ਜਿਸ ਸਦਕਾ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਇਸ ਬਾਬਤ ਜੀਕੇ ਨੂੰ ਵਾਰ-ਵਾਰ ਕਿਹਾ ਗਿਆ ਕਿ ਸਕੂਲਾਂ ਦੇ ਅਕਾਊਂਟ ਅਤੇ ਫੰਡ ਸਕੂਲਾਂ ਵਿੱਚ ਹੀ ਰੱਖੇ ਜਾਣ ਤਾਂ ਜੋ ਜਿਹੜੇ ਸਕੂਲ ਆਪਣੇ ਪੈਰੀਂ ਖੜੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਪਰ ਜੀਕੇ ਨੇ ਇਸ ਪਾਸੇ ਕੋਈ ਤਵੱਜੋ ਨਹੀਂ ਦਿੱਤੀ। ਇਸੇ ਤਰ੍ਹਾਂ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿਰਸਾ ਦੋਵਾਂ ਵੱਲੋਂ 1984 ਦੇ ਦੰਗਾ ਪੀੜਤਾਂ ਦੀ ਬਹੁਤ ਮਦਦ ਕੀਤੀ ਗਈ ਹੈ ਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਇੰਨੇ ਵੱਡੇ 'ਮਗਰਮੱਛ' ਨੂੰ ਜੇਲ੍ਹ ਹੋ ਸਕੀ ਹੈ ਪਰ ਗੁਰਦੁਆਰਾ ਸਾਹਿਬ ਦੇ ਪੈਸੇ ਨੂੰ ਸਿਰਫ਼ ਗੁਰਦੁਆਰਾ ਸਾਹਿਬ ਵਾਸਤੇ ਹੀ ਖਰਚ ਕੀਤਾ ਜਾਣਾ ਚਾਹੀਦਾ ਸੀ।

ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਕਰਨੇ ਸੁਖਬੀਰ ਲਈ ਜ਼ਰੂਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਦਿੱਲੀ ਕਮੇਟੀ ਦੀ 2021 ਦੀ ਚੋਣ ਵੀ ਇਕ ਬਹੁਤ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਮੈਨੀਫੈਸਟੋ 'ਚ ਦਿੱਲੀ ਦੀ ਸੰਗਤਾਂ ਨੂੰ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਬਾਲਾ ਸਾਹਿਬ ਹਸਪਤਾਲ ਨੂੰ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੇਕਰ ਉਹ ਸੰਗਤਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕਰਦੇ ਤਾਂ ਚੋਣਾਂ ਜਿੱਤਣਾ ਉਨ੍ਹਾਂ ਲਈ ਵੀ ਅੌਖਾ ਸਾਬਤ ਹੋਵੇਗਾ। ਸੰਗਤਾਂ ਨੂੰ ਵੀ ਉਮੀਦ ਹੈ ਕਿ ਆਉਣ ਵਾਲੇ ਅਹੁਦੇਦਾਰ ਇਸ ਸੰਸਥਾ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅੱਗੇ ਆਉਣਗੇ।