ਪੰਚਕੂਲਾ : ਪਿੰਡ ਗੋਰਖਨਾਥ ਵਿਚ ਬੁੱਧਵਾਰ ਨੂੰ ਇਕ ਮਤਰੇਏ ਪਿਤਾ ਨੇ ਦੋ ਧੀਆਂ ਦੀ ਚਾਕੂ ਨਾਲ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦਾ ਕਸੂਰ ਏਨਾ ਸੀ ਕਿ ਛੋਟੀ ਭੈਣ ਨਾਲ ਪਿਤਾ ਨੇ ਜਦ ਛੇੜਛਾੜ ਕੀਤੀ ਤਾਂ ਦੋਵਾਂ ਵੱਡੀਆਂ ਭੈਣਾਂ ਨੇ ਉਸ ਦਾ ਵਿਰੋਧ ਕੀਤਾ ਸੀ। ਵਾਰਦਾਤ ਦੇ ਸਮੇਂ ਮਾਂ ਘਰ ਨਹੀਂ ਸੀ। ਜਦ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਵਿਚ ਦੋਵੇਂ ਧੀਆਂ ਖ਼ੂਨ ਨਾਲ ਲਥਪਥ ਪਈਆਂ ਸਨ ਅਤੇ ਸਭ ਤੋਂ ਛੋਟੀ ਧੀ ਨੇ ਜਾਨ ਬਚਾਉਣ ਲਈ ਖ਼ੁਦ ਨੂੰ ਗ਼ੁਸਲਖ਼ਾਨੇ ਵਿਚ ਬੰਦ ਕਰ ਲਿਆ ਸੀ। ਮਾਂ ਦੇ ਰੌਲਾ ਪਾਉਣ 'ਤੇ ਉਹ ਬਾਹਰ ਨਿਕਲੀ ਅਤੇ ਪੂਰੀ ਵਾਰਦਾਤ ਦੀ ਜਾਣਕਾਰੀ ਦਿੱਤੀ। ਉਧਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ।

ਮੁਲਜ਼ਮ ਦੀ ਪਛਾਣ ਪਿਜੌਰ ਨਾਲਾਗੜ੍ਹ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਗੋਰਖਨਾਥ ਵਾਸੀ ਹਬੀਬ ਸ਼ਾਹ ਦੇ ਰੂਪ ਵਿਚ ਹੋਈ ਹੈ। ਜਦਕਿ ਇਸ ਹੱਤਿਆ ਕਾਂਡ ਵਿਚ ਮਰਨ ਵਾਲੀਆਂ ਦੋਵੇਂ ਭੈਣਾਂ ਦੀ ਪਛਾਣ ਆਸ਼ੀਆ (22) ਅਤੇ ਸ਼ਿਫਾ (18) ਦੇ ਰੂਪ ਵਿਚ ਹੋਈ ਹੈ।

ਦੂਜੇ ਵਿਆਹ ਤੋਂ ਬਾਅਦ ਬਿਜਨੌਰ ਤੋਂ ਇੱਥੇ ਆ ਗਿਆ ਸੀ ਪਰਿਵਾਰ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਦੀ ਮਾਂ ਸੱਜੋ ਨੇ ਦੱਸਿਆ ਕਿ ਉਸ ਦਾ ਸਾਲ 1996 ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਵਾਸੀ ਮੋਮਿਨ ਦੇ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਤਿੰਨ ਬੇਟੀਆਂ ਅਤੇ ਦੋ ਬੇਟਿਆਂ ਨੂੰ ਜਨਮ ਦਿੱਤਾ। ਬਿਮਾਰੀ ਕਾਰਨ ਸਾਲ 2006 ਵਿਚ ਮੋਮਿਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਾਲ 2007 ਵਿਚ ਉਸ ਨੇ ਬਿਜਨੌਰ ਜ਼ਿਲ੍ਹੇ ਦੇ ਹੀ ਪਿੰਡ ਭਾਖਰ ਨਗਰ ਵਾਸੀ ਹਬੀਬ ਸ਼ਾਹ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ 2016 ਤਕ ਉਹ ਭਾਖਰਾ ਨਗਰ ਵਿਚ ਰਹਿੰਦੇ ਸਨ। ਪਰ 2016 ਵਿਚ ਉਹ ਪਰਿਵਾਰ ਸਣੇ ਮਿਹਨਤ ਮਜ਼ਦੂਰੀ ਲਈ ਪਿੰਡ ਗੋਰਖਨਾਥ (ਮਢਾਵਾਲਾ) ਆ ਗਏ। ਜਿਸ ਮਕਾਨ ਵਿਚ ਵਾਰਦਾਤ ਵਾਪਰੀ ਉੱਥੇ ਪੂਰਾ ਪਰਿਵਾਰ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਹੀ ਕਿਰਾਏ 'ਤੇ ਰਹਿਣ ਲੱਗਿਆ ਸੀ। ਮੁਲਜ਼ਮ ਹਬੀਬ ਸ਼ਾਹ ਇਥੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਜਦਕਿ ਵਾਰਦਾਤ ਵਿਚ ਮਾਰੀਆਂ ਗਈਆਂ ਦੋਵੇਂ ਭੈਣਾਂ ਬੱਦੀ ਦੀ ਫੈਕਟਰੀ ਵਿਚ ਕੰਮ ਕਰਦੀਆਂ ਸਨ। ਛੋਟੀ ਭੈਣ ਰੀਆ ਘਰ ਹੀ ਰਹਿੰਦੀ ਸੀ। ਸੱਜੋ ਖ਼ੁਦ ਗੋਰਖਨਾਥ ਵਿਚ ਹੀ ਬਣੇ ਪੀਵੀਸੀ ਗੁਦਾਮ ਵਿਚ ਕੰਮ ਕਰਦੀ ਹੈ। ਉਸ ਦਾ ਵੱਡਾ ਬੇਟਾ ਅਰਸ਼ਦ ਮੁੰਬਈ ਵਿਚ ਕੰਮ ਕਰਦਾ ਹੈ। ਜਦਕਿ ਸਭ ਤੋਂ ਛੋਟਾ ਬੇਟਾ ਸਕੂਲ ਜਾਂਦਾ ਹੈ।

ਛੋਟੀ ਭੈਣ ਨਾਲ ਛੇੜਛਾੜ ਦਾ ਕੀਤਾ ਸੀ ਵਿਰੋਧ

ਦੋਸ਼ ਹੈ ਕਿ ਹਬੀਬ ਸ਼ਾਹ ਨੇ ਰੀਆ ਨਾਲ ਛੇੜਛਾੜ ਕੀਤੀ ਸੀ। ਸੱਜੋ ਨੇ ਪੁਲਿਸ ਨੂੰ ਦੱਸਿਆ ਕਿ ਛੋਟੇ ਬੇਟੇ ਨੂੰ ਲੈ ਕੇ ਉਹ ਪਿੰਡ ਚਲੀ ਗਈ ਸੀ ਤੇ ਮੰਗਲਵਾਰ ਨੂੰ ਵਾਪਸ ਆਈ। ਉਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 7 ਵਜੇ ਉਹ ਘਰ ਦੇ ਕੋਲ ਦੀ ਦੁਕਾਨ ਤੋਂ ਕੁਝ ਲੈਣ ਚਲੀ ਗਈ। ਕਰੀਬ 15 ਮਿੰਟ ਬਾਅਦ ਜਦ ਉਹ ਵਾਪਸ ਆਈ ਤਾਂ ਉਸ ਦੀ ਛੋਟੀ ਬੇਟੀ ਸ਼ਿਫਾ ਘਰ ਦੇ ਬਰਾਮਦੇ ਵਿਚ ਖ਼ੂਨ ਨਾਲ ਲਥਪਥ ਪਈ ਸੀ ਅਤੇ ਉਸ ਦੇ ਗਲ਼ੇ 'ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਉੱਥੇ ਕਮਰੇ ਵਿਚ ਵੱਡੀ ਬੇਟੀ ਆਸ਼ੀਆ ਆਪਣੇ ਕਮਰੇ ਵਿਚ ਮਿ੍ਤਕ ਪਈ ਸੀ। ਆਸ਼ੀਆ ਦੇ ਸਰੀਰ 'ਤੇ ਕਾਫੀ ਜ਼ਖ਼ਮ ਸਨ। ਘਰ ਪੁੱਜਣ ਤੋਂ ਬਾਅਦ ਸੱਜੋ ਦੀ ਆਵਾਜ਼ ਸੁਣ ਕੇ ਕਮਰੇ ਤੋਂ ਬਾਹਰ ਆਈ ਛੋਟੀ ਧੀ ਰੀਆ ਨੇ ਆਪਣੀ ਮਾਂ ਨੂੰ ਦੱਸਿਆ ਕਿ ਜਦ ਉਹ ਪਿੰਡ ਗਈ ਹੋਈ ਸੀ ਤਾਂ ਪਿਤਾ ਨੇ ਸੋਮਵਾਰ ਸ਼ਾਮ ਉਸ ਦੇ ਨਾਲ ਛੇੜਛਾੜ ਕੀਤੀ ਸੀ। ਇਸ ਦਾ ਵਿਰੋਧ ਕਰਨ 'ਤੇ ਉਸ ਦੀਆਂ ਦੋਵੇਂ ਭੈਣਾਂ ਆਸ਼ੀਆ ਅਤੇ ਸ਼ਿਫਾ ਦਾ ਮੁਲਜ਼ਮ ਨਾਲ ਝਗੜਾ ਹੋ ਗਿਆ ਸੀ। ਆਸ਼ੀਆ ਅਤੇ ਸ਼ਿਫਾ ਨੇ ਫੋਨ ਕਰਕੇ ਆਪਣੀ ਮਾਂ ਸੱਜੋ ਨੂੰ ਵਾਪਸ ਬੁਲਾਇਆ ਸੀ। ਇਸ ਗੱਲ ਨੂੰ ਲੈ ਕੇ ਮੁਲਜ਼ਮ ਆਸ਼ੀਆ ਅਤੇ ਸ਼ਿਫਾ ਨਾਲ ਗੁੱਸੇ ਸੀ।

ਗ਼ੁਸਲਖ਼ਾਨੇ 'ਚ ਲੁਕ ਕੇ ਰੀਆ ਨੇ ਬਚਾਈ ਜਾਨ

ਬੁੱਧਵਾਰ ਸਵੇਰੇ ਕਰੀਬ 7 ਵਜੇ ਹਬੀਬ ਦੋਵੇਂ ਕੁੜੀਆਂ ਦੇ ਕਮਰੇ ਵਿਚ ਗਿਆ ਅਤੇ ਉਨ੍ਹਾਂ ਦੇ ਨਾਲ ਬਹਿਸ ਕਰਨ ਲੱਗਾ। ਗੱਲ ਏਨੀ ਵੱਧ ਗਈ ਕਿ ਉਸ ਨੇ ਦੋਵਾਂ ਭੈਣਾਂ 'ਤੇ ਚਾਕੂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਤੇ ਫ਼ਰਾਰ ਹੋ ਗਿਆ। ਸਹਿਮੀ ਹੋਈ ਰੀਆ ਨੇ ਜਾਨ ਬਚਾਉਣ ਲਈ ਖ਼ੁਦ ਨੂੰ ਗ਼ੁਸਲਖਾਨੇ ਵਿਚ ਬੰਦ ਕਰ ਲਿਆ।