ਨਵੀਂ ਦਿੱਲੀ (ਏਐੱਨਆਈ) : ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਵਿਦੇਸ਼ੀ ਹਮਲਾਵਰਾਂ ਨੇ ਰਾਮ ਮੰਦਰ ਨੂੰ ਇਸ ਲਈ ਤੋੜਿਆ ਕਿਉਂਕਿ ਉਹ ਜਾਣਦੇ ਸਨ ਕਿ ਭਾਰਤ ਦੀ ਆਤਮਾ ਉੱਤੇ ਹੀ ਵਸਦੀ ਹੈ ਪਰ 6 ਦਸੰਬਰ 1992 ਨੂੰ ਅਯੁੱਧਿਆ 'ਚ ਵਿਵਾਦਤ ਢਾਂਚਾ ਢਾਹ ਕੇ ਇਤਿਹਾਸ ਦੀ ਉਹ ਗਲਤੀ ਸੁਧਾਰ ਲਈ ਗਈ ਹੈ।

'ਸ਼੍ਰੀਰਾਮ ਜਨਮ ਭੂਮੀ ਮੰਦਰ ਨਿਧੀ ਸਮਰਪਣ ਅਭਿਆਨ' 'ਚ ਦਾਨ ਦੇਣ ਵਾਲਿਆਂ ਨੂੰ ਸਨਮਾਨਤ ਕਰਨ ਲਈ ਐਤਵਾਰ ਨੂੰ ਦਿੱਲੀ 'ਚ ਹੋਏ ਇਕ ਪ੍ਰੋਗਰਾਮ 'ਚ ਜਾਵੜੇਕਰ ਨੇ ਕਿਹਾ ਕਿ ਜਦੋਂ ਬਾਬਰ ਵਰਗੇ ਵਿਦੇਸ਼ੀ ਹਮਲਾਵਰ ਭਾਰਤ ਆਏ ਤਾਂ ਉਨ੍ਹਾਂ ਰਾਮ ਮੰਦਰ ਢਾਹੁਣਾ ਕਿਉਂ ਚੁਣਿਆ? ਕਿਉਂਕਿ ਉਹ ਜਾਣਦੇ ਸਨ ਕਿ ਦੇਸ਼ ਦੀ ਆਤਮ ਰਾਮ ਮੰਦਰ 'ਚ ਵਸਦੀ ਹੈ। ਉਨ੍ਹਾਂ ਉੱਥੇ ਇਕ ਵਿਵਾਦਿਤ ਢਾਂਚਾ ਬਣਾਇਆ ਜੋ ਮਸਜਿਦ ਨਹੀਂ ਸੀ। ਜਿੱਥੇ ਨਮਾਜ਼ ਨਹੀਂ ਪੜ੍ਹੀ ਜਾਂਦੀ, ਉਹ ਮਸਜਿਦ ਨਹੀਂ ਹੁੰਦੀ। 6 ਦਸੰਬਰ 1992 ਨੂੰ ਉਹ ਗਲਤੀ ਖ਼ਤਮ ਹੋ ਗਈ।

ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਹਮਲਾਵਰਾਂ ਦੇ ਨਿਸ਼ਾਨ ਮਿਟਾ ਰਹੇ ਹਨ। ਅਸੀਂ ਵੀ ਇੱਥੇ ਕਈ ਥਾਵਾਂ ਦੇ ਨਾਂ ਬਦਲੇ ਹਨ ਜੋ ਦੇਸ਼ ਦੇ ਆਤਮ-ਸਨਮਾਨ ਦਾ ਹਿੱਸਾ ਬਣੇ ਗਏ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਦੇਸ਼ ਦੇ ਸਾਰੇ ਘਰਾਂ 'ਚ ਜਾ ਕੇ ਅਯੁੱਧਿਆ 'ਚ ਮੰਦਰ ਨਿਰਮਾਣ ਲਈ ਦਾਨ ਦੇਣ ਦੀ ਅਪੀਲ ਕਰੋ। ਉਨ੍ਹਾਂ ਕਿਹਾ ਕਿ ਜੇ ਅਸੀਂ ਰਾਮ ਮੰਦਰ ਨਿਰਮਾਣ ਲਈ ਲੋਕਾਂ ਤੋਂ ਮਦਦ ਮੰਗਾਂਗੇ ਤਾਂ ਉਹ ਖ਼ੁਸ਼ੀ ਨਾਲ ਦਾਨ ਦੇਣਗੇ। ਅਸੀਂ ਹਰ ਘਰ ਪਹੁੰਚ ਕਰਾਂਗੇ। ਲੋਕ 10 ਤੋਂ ਲੈ ਕੇ 10 ਕਰੋੜ ਰੁਪਏ ਤਕ ਦੇ ਰਹੇ ਹਨ। ਕੁਝ ਤਾਂ ਇਸ ਤੋਂ ਵੱਧ ਵੀ ਦਾਨ ਦੇ ਰਹੇ ਹਨ।