ਨਵੀਂ ਦਿੱਲੀ (ਪੀਟੀਆਈ) : ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਵਿਸ਼ੇਸ਼ ਤੌਰ 'ਤੇ ਤਿਆਰ ਬੀ777 ਜਹਾਜ਼ ਵੀਰਵਾਰ ਨੂੰ ਅਮਰੀਕਾ ਤੋਂ ਭਾਰਤ ਪੁੱਜਾ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਜੁਲਾਈ ਵਿਚ ਹੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਵੱਲੋਂ ਏਅਰ ਇੰਡੀਆ ਨੂੰ ਸੌਂਪਿਆ ਜਾਣਾ ਸੀ ਪ੍ਰੰਤੂ ਦੋ ਵਾਰ ਇਸ ਵਿਚ ਦੇਰੀ ਹੋਈ। ਜੁਲਾਈ ਵਿਚ ਕੋਵਿਡ-19 ਮਹਾਮਾਰੀ ਕਾਰਨ ਜਹਾਜ਼ ਨਹੀਂ ਸੌਂਪਿਆ ਜਾ ਸਕਿਆ। ਇਸ ਪਿੱਛੋਂ ਅਗਸਤ ਵਿਚ ਤਕਨੀਕੀ ਕਾਰਨਾਂ ਕਰਕੇ ਇਕ ਹਫ਼ਤੇ ਦੀ ਦੇਰੀ ਹੋਈ।

ਅਧਿਕਾਰੀਆਂ ਨੇ ਦੱਸਿਆ ਕਿ ਬੋਇੰਗ ਤੋਂ ਜਹਾਜ਼ ਪ੍ਰਰਾਪਤ ਕਰਨ ਲਈ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ ਅਗਸਤ ਵਿਚ ਹੀ ਅਮਰੀਕਾ ਪੁੱਜ ਗਏ ਸਨ। ਏਅਰ ਇੰਡੀਆ ਵਨ ਲਿਖਿਆ ਜਹਾਜ਼ ਵੀਰਵਾਰ ਨੂੰ ਦੁਪਹਿਰ ਲਗਪਗ ਤਿੰਨ ਵਜੇ ਟੈਕਸਾਸ ਤੋਂ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ੁਉਨ੍ਹਾਂ ਕਿਹਾ ਕਿ ਵੀਵੀਆਈਪੀ ਦੀ ਯਾਤਰਾ ਲਈ ਇਕ ਹੋਰ ਵਿਸ਼ੇਸ਼ ਤੌਰ 'ਤੇ ਨਿਰਮਿਤ ਬੀ777 ਜਹਾਜ਼ ਬਾਅਦ ਵਿਚ ਬੋਇੰਗ ਤੋਂ ਪ੍ਰਰਾਪਤ ਹੋਣ ਦੀ ਸੰਭਾਵਨਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਵੀਵੀਆਈਪੀ ਦੀ ਯਾਤਰਾ ਦੌਰਾਨ ਦੋਵਾਂ ਬੀ777 ਜਹਾਜ਼ਾਂ ਨੂੰ ਏਅਰ ਇੰਡੀਆ ਦੇ ਪਾਇਲਟ ਨਹੀਂ ਸਗੋਂ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਉਡਾਉਣਗੇ। ਇਸ ਸਮੇਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਏਅਰ ਇੰਡੀਆ ਦੇ ਬੀ747 ਜਹਾਜ਼ਾਂ ਵਿਚ ਯਾਤਰਾ ਕਰਦੇ ਹਨ। ਦੋਵੇਂ ਜਹਾਜ਼ 2018 ਵਿਚ ਕੁਝ ਮਹੀਨੇ ਲਈ ਏਅਰ ਇੰਡੀਆ ਦੇ ਵਪਾਰਕ ਬੇੜੇ ਦਾ ਹਿੱਸਾ ਸਨ। ਬਾਅਦ ਵਿਚ ਵੀਵੀਆਈਪੀ ਦੀ ਯਾਤਰਾ ਲਈ ਜ਼ਰੁੂਰੀ ਬਦਲਾਅ ਲਈ ਇਨ੍ਹਾਂ ਨੂੰ ਬੋਇੰਗ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ ਦੀ ਖ਼ਰੀਦ ਅਤੇ ਇਸ ਵਿਚ ਬਦਲਾਅ 'ਤੇ ਲਗਪਗ 8,400 ਕਰੋੜ ਰੁਪਏ ਦੀ ਲਾਗਤ ਆਈ ਹੈ।