ਜੇਐੱਨਐੱਨ, ਨਵੀਂ ਦਿੱਲੀ : Special Corona Fees on Wine : ਦਿੱਲੀ ਸਰਕਾਰ ਨੇ ਸ਼ਰਾਬ 'ਤੇ ਕੋਰੋਨਾ ਟੈਕਸ ਲਗਾ ਦਿੱਤਾ ਹੈ। ਹੁਣ ਦਿੱਲੀ 'ਚ ਸ਼ਰਾਬ ਪਹਿਲਾਂ ਨਾਲੋਂ 70 ਫ਼ੀਸਦੀ ਮਹਿੰਗੀ ਮਿਲੇਗੀ। ਇਹ ਹੁਕਮ ਮੰਗਲਵਾਰ ਤੋਂ ਹੀ ਆਗੂ ਹੋਵੇਗਾ। ਸਰਕਾਰ ਦੇ ਹੁਕਮ ਅਨੁਸਾਰ ਸ਼ਰਾਬ ਦੀ ਵਿਕਰੀ 'ਤੇ 'ਸਪੈਸ਼ਲ ਕੋਰੋਨਾ ਫੀਸ' ਦੇ ਨਾਂ ਨਾਲ ਟੈਕਸ ਲਗਾਇਆ ਗਿਆ ਹੈ। ਹੁਣ ਐੱਮਆਰਪੀ 'ਤੇ 70 ਫ਼ੀਸਦੀ ਇਹ ਨਵਾਂ ਟੈਕਸ ਲੱਗੇਗਾ। ਜਾਣਕਾਰੀ ਅਨੁਸਾਰ ਮੰਗਲਵਰ ਸਵੇਰ ਤੋਂ ਹੀ ਵਧੀਆਂ ਹੋਈਆਂ ਦਰਾਂ ਲਾਗੂ ਹੋ ਜਾਣਗੀਆਂ।


ਮੁੱਖ ਮੰਤਰੀ ਹੋਏ ਸਖ਼ਤ


ਏਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸੋਮਵਾਰ ਨੂੰ ਕੁਝ ਦੁਕਾਨਾਂ 'ਤੇ ਹਫੜਾ-ਦਫੜੀ ਮਚੀ ਦੇਖੀ ਗਈ। ਜੇਕਰ ਸਾਨੂੰ ਸਰੀਰਕ ਦੂਰੀ ਤੇ ਹੋਰ ਨਿਯਮਾਂ ਦੀ ਉਲੰਘਣਾ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਸ ਇਲਾਕੇ ਨੂੰ ਸੀਲ ਕਰਨਾ ਪਵੇਗਾ ਤੇ ਛੋਟ ਵਾਪਸ ਲੈ ਲਈ ਜਾਵੇਗੀ। ਦੁਕਾਨ ਮਾਲਕਾਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਜੇਕਰ ਕਿਸੇ ਦੁਕਾਨ 'ਤੇ ਸਰੀਰਕ ਦੂਰੀ ਦੀ ਉਲੰਘਣਾ ਹੁੰਦੀ ਹੈ ਤਾਂ ਦੁਕਾਨ ਬੰਦ ਕਰ ਦਿੱਤੀ ਜਾਵੇਗੀ। ਮੈਂ ਦਿੱਲੀ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਬਾਹਰ ਨਿਕਲਣ ਵੇਲੇ ਮਾਸਕ ਪਾਓ, ਸਰੀਰਕ ਦੂਰੀ ਦੀ ਪਾਲਣਾ ਕਰੋ ਤੇ ਹੱਥ ਧੋਂਦੇ ਰਹੋ।


ਸੋਮਵਾਰ ਨੂੰ ਖੁੱਲ੍ਹੀਆਂ 700 ਤੋਂ ਜ਼ਿਆਦਾ ਦੁਕਾਨਾਂ


ਸੋਮਵਾਰ ਨੂੰ ਦਿੱਲੀ 'ਚ 700 ਤੋਂ ਜ਼ਿਆਦਾ ਦੁਕਾਨਾਂ ਖੋਲ੍ਹੀਆਂ ਗਈਆਂ ਪਰ ਭਾਰੀ ਭੀੜ ਤੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ 2 ਘੰਟਿਆਂ 'ਚ ਹੀ ਪੁਲਿਸ ਨੇ ਸਾਰੀਆਂ ਬੰਦ ਕਰਵਾ ਦਿੱਤੀਆਂ। ਅਸਲ ਵਿਚ ਇਸ ਦੌਰਾਨ ਸ਼ਰਾਬ ਖਰੀਦਣ ਲਈ ਆਏ ਲੋਕ ਸਰੀਰਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਲੋਕਾਂ ਨੇ ਮਾਸਕ ਜ਼ਰੂਰ ਲਗਾ ਰੱਖੇ ਸਨ।

Posted By: Rajnish Kaur