ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜੰਮੂ ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੀ ਹੱਤਿਆ ਦੇ ਦੋਸ਼ ’ਚ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਮੀਤ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਪੈਸ਼ਲ ਸੈੱਲ ਨੇ ਸਵੇਰੇ ਹੀ ਹਰਮੀਤ ਨੂੰ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਉਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਸੀ। ਦਿੱਲੀ ਪਹੁੰਚਣ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਕੀਤੀ ਗਈ ਅਤੇ ਮੁਲਜ਼ਮ ਦੀ ਫੋਟੋ ਵੀ ਜਾਰੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਸਾਬਕਾ ਐੱਮਐੱਲਸੀ ਅਤੇ ਸਿੱਖ ਨੇਤਾ ਟੀਐੱਸ ਵਜ਼ੀਰ ਦੀ ਹੱਤਿਆ ਦਾ ਕਬੂਲਨਾਮਾ ਇੰਟਰਨੈੱਟ ਮੀਡੀਆ ’ਤੇ ਵਾਇਰਲ ਕਰਨ ਦੇ ਮਾਮਲੇ ’ਚ ਬੀਤੇ ਹਫ਼ਤੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਜੰਮੂ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਆਈਪੀ ਐੱਡਰੈਸ ਦੀ ਮਦਦ ਨਾਲ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਦਿੱਲੀ ਪੁਲਿਸ ਨੇ ਗ੍ਰਿਫ਼ਤਾਰੀ ਦੇ ਸਬੰਧ ’ਚ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਸੀ।

ਇਸ ਤੋਂ ਪਹਿਲਾਂ 15 ਸਤੰਬਰ ਨੂੰ ਦਿੱਲੀ ਪੁਲਿਸ ਨੇ ਵਜ਼ੀਰ ਹੱਤਿਆਕਾਂਡ ’ਚ ਸ਼ਾਮਲ ਇਕ ਮੁਲਜ਼ਮ ਰਾਜੂ ਗੰਜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਰਾਜੂ ਗੰਜਾ ਤੋਂ ਸਖ਼ਤ ਪੁੱਛਗਿੱਛ ਕਰਨ ਉਪਰੰਤ ਹੀ ਦਿੱਲੀ ਪੁਲਿਸ ਸਾਂਬਾ ਦੇ ਇਕ ਪਿੰਡ ਤੋਂ ਮੁੱਖ ਮੁਲਜ਼ਮ ਹਰਮੀਤ ਨੂੰ ਫੜਨ ’ਚ ਕਾਮਯਾਬ ਹੋਈ ਹੈ। ਹੁਣ ਹਰਮੀਤ ਸਪੈਸ਼ਲ ਸੈੱਲ ਦੀ ਹਿਰਾਸਤ ’ਚ ਹੈ, ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਪੂਰੇ ਮਾਮਲੇ ਦਾ ਖ਼ੁਲਾਸਾ ਹੋ ਸਕੇਗਾ।

Posted By: Jagjit Singh