ਜੇਐੱਨਐੱਨ, ਸੰਭਲ : ਉੱਤਰ ਪ੍ਰਦੇਸ਼ 'ਚ ਸੰਭਲ ਦੇ ਪਿੰਡ ਸ਼ਮਸ਼ੋਈ ਫਤਹਿਪੁਰ 'ਚ ਸਪਾ ਆਗੂ ਤੇ ਉਨ੍ਹਾਂ ਦੇ ਪੁੱਤਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਦਾ ਵੀਡੀਓ ਵਾਇਰਲ ਹੋਇਆ ਹੈ।

ਪੁਲਿਸ ਨੇ ਛੇ ਨਾਮਜ਼ਦ ਸਮੇਤ ਅੱਠ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪਿੰਡ ਸ਼ਮਸ਼ੋਈ ਦੇ ਬਾਹਰੀ ਇਲਾਕੇ 'ਚ ਮੰਗਲਵਾਰ ਸਵੇਰੇ 8 ਵਜੇ ਮਨਰੇਗਾ ਕੰਮ ਦੇਖਣ ਲਈ ਪਿੰਡ ਦੀ ਸਰਪੰਚ ਦੇ ਪਤੀ ਸਪਾ ਆਗੂ ਛੋਟੇ ਲਾਲ ਦਿਵਾਕਰ ਆਪਣੇ ਪੁੱਤਰ ਸੁਨੀਲ ਦਿਵਾਕਰ ਨਾਲ ਗਏ ਸਨ ਉਦੋਂ ਕਾਰ 'ਚ ਮੁਲਜ਼ਮ ਜਤਿੰਦਰ ਆਪਣੀ ਲਾਇਸੈਂਸੀ ਰਾਈਫਲ ਲੈ ਕੇ ਪੁੱਤਰ ਸਰਵੇਂਦਰ ਨਾਲ ਆ ਗਿਆ ਤੇ ਸਾਰਿਆਂ ਦੇ ਖੇਤਾਂ 'ਚੋਂ ਬਰਾਬਰ ਮਿੱਟੀ ਚੁੱਕਣ ਨੂੰ ਲੈ ਕੇ ਵਿਵਾਦ ਦੌਰਾਨ ਸਰਪੰਚ ਦੇ ਪਤੀ ਤੇ ਪੁੱਤਰ ਨੂੰ ਗੋਲ਼ੀ ਮਾਰ ਦਿੱਤੀ।

ਦੋਵੇਂ ਦੀ ਮੌਕੇ 'ਤੇ ਮੌਤ ਹੋ ਗਈ। ਹਮਲੇ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਹਮਲਾਵਰਾਂ ਦੇ ਹੱਥ 'ਚ ਰਾਈਫਲ ਹੈ। ਮੁਲਜ਼ਮਾਂ ਦੀ ਭਾਲ 'ਚ ਟੀਮ ਗਠਿਤ ਕਰ ਦਿੱਤੀ ਗਈ ਹੈ। ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ।