ਨਈ ਦੁਨੀਆ, ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ 'ਚ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਬੇਸਹਾਰਾ ਬਜ਼ੁਰਗਾਂ ਨੂੰ ਛੱਡਣ ਲਈ ਅਣਮਨੁੱਖੀ ਤਰੀਕੇ ਨਾਲ ਸ਼ਹਿਰ ਦੇ ਬਾਹਰ ਲੈ ਕੇ ਜਾਣ ਦੇ ਮਾਮਲੇ 'ਚ ਸ਼ਨਿਚਰਵਾਰ ਨੂੰ ਸਿਆਸਤ ਸ਼ੁਰੂ ਹੋ ਗਈ। ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨੇ ਇਸ ਦੀ ਨਿੰਦਾ ਕਰਦਿਆਂ ਟਵੀਟ ਕੀਤੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁੁਲ ਗਾਂਧੀ ਨੇ ਟਵੀਟ 'ਚ ਇਸ ਘਟਨਾ ਦੀ ਇਕ ਫੋਟੋ ਵੀ ਸ਼ਾਮਲ ਕੀਤੀ। ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਆਪਣੇ ਟਵੀਟ 'ਚ ਕਿਹਾ ਕਿ ਘਟਨਾ ਮਨੁੱਖਤਾ 'ਤੇ ਕਲੰਕ ਹੈ। ਸਰਕਾਰ ਨੂੰ ਬੇਸਹਾਰਾ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਛੋਟੇ ਮੁਲਾਜ਼ਮਾਂ ਦੇ ਬਜਾਏ ਆਦੇਸ਼ ਦੇਣ ਵਾਲੇ ਵੱਡੇ ਅਧਿਕਾਰੀਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਗਾਂਧੀ ਦੀ ਮੂੁਰਤੀ ਤੋਂ ਲੈ ਕੇ ਨਿਗਮ ਕਮਿਸ਼ਨਰ ਦਫ਼ਤਰ ਤਕ ਇਸ ਘਟਨਾ 'ਤੇ ਵਿਰੋਧ ਪ੍ਰਦਰਸ਼ਨ ਕੀਤਾ। ਓਧਰ, ਫਿਲਮ ਅਭਿਨੇਤਾ ਤੇ ਸਮਾਜ ਸੇਵੀ ਸੋਨੂੰ ਸੂਦ ਨੇ ਵੀ ਇੰਦੌਰ ਦੇ ਲੋਕਾਂ ਤੋਂ ਇਨ੍ਹਾਂ ਬਜ਼ੁਰਗਾਂ ਦੀ ਮਦਦ ਦੀ ਅਪੀਲ ਕੀਤੀ ਹੈ। ਕਾਬਿਲੇਗ਼ੌਰ ਹੈ ਕਿ ਇੰਦੌਰ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਗ਼ਰੀਬ, ਬਿਮਾਰ ਤੇ ਬੇਸਹਾਰਾ ਬਜ਼ੁਰਗਾਂ ਨੂੰ ਇਕ ਗੱਡੀ 'ਚ ਭਰ ਕੇ ਇਸ ਠੰਢ ਦੇ ਮੌਸਮ 'ਚ ਇੰਦੌਰ-ਦੇਵਾਸ ਹਾਈਵੇ 'ਤੇ ਛੱਡ ਦੇਣ ਦਾ ਵੀਡੀਓ ਬੀਤੇ ਸ਼ੁੱਕਰਵਾਰ ਨੂੰ ਵਾਇਰਲ ਹੋਇਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਹੀ ਰੈਣ ਬਸੇਰਾ ਦੇ ਦੋ ਆਰਜ਼ੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਥੇ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ 'ਤੇ ਡਿਪਟੀ ਕਮਿਸ਼ਨਰ ਪ੍ਰਤਾਪ ਸਿੰਘ ਸੋਲੰਕੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਓਧਰ, ਕਾਂਗਰਸੀ ਆਗੂ ਸ਼ਨਿਚਰਵਾਰ ਸਵੇਰ ਤੋਂ ਵਾਇਰਲ ਵੀਡੀਓ 'ਚ ਨਜ਼ਰ ਆਏ ਬਜ਼ੁਰਗਾਂ ਨੂੰ ਲੱਭਦੇ ਦਿਸੇ।

ਅਭਿਨੇਤਾ ਸੋਨੂੰ ਸੂਦ ਆਏ ਅੱਗੇ

ਓਧਰ, ਅਭਿਨੇਤਾ ਸੋਨੂੰ ਸੂਦ ਨੇ ਵੀ ਇਸ ਘਟਨਾ ਨੂੰ ਲੈ ਕੇ ਇੰਟਰਨੈੱਟ ਮੀਡੀਆ 'ਤੇ ਅਪੀਲ ਜਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਾ ਚਾਹੀਦਾ। ਅਸੀਂ ਸਾਰੇ ਰਲ ਕੇ ਉਨ੍ਹਾਂ ਨੂੰ ਛੱਤ ਦੇ ਸਕਦੇ ਹਾਂ। ਜਿੰਨੇ ਬੱਚੇ ਆਪਣੇ ਮਾਂ-ਬਾਪ ਨੂੰ ਛੱਡ ਦਿੰਦੇ ਹਨ, ਉਨ੍ਹਾਂ ਨੂੰ ਇਹ ਸਬਕ ਮਿਲਣਾ ਚਾਹੀਦਾ ਕਿ ਉਹ ਆਪਣੇ ਪੱਧਰ 'ਤੇ ਉਨ੍ਹਾਂ ਦਾ ਧਿਆਨ ਰੱਖਣ।