ਜਾਗਰਣ ਨਿਊਜ਼ ਨੈੱਟਵਰਕ, ਸ੍ਰੀਨਗਰ : ਕਸ਼ਮੀਰ ਵਾਦੀ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਜ਼ਿਆਦਾਤਰ ਇਲਾਕਿਆਂ ਵਿਚ ਬਰਫ਼ ਦੀ ਸਫ਼ੈਦ ਚਾਦਰ ਵਿੱਛ ਗਈ ਹੈ। ਤਾਜ਼ਾ ਬਰਫ਼ਬਾਰੀ ਨਾਲ ਹਵਾਈ ਆਵਾਜਾਈ 'ਤੇ ਕੋਈ ਅਸਰ ਨਹੀਂ ਪਿਆ ਪ੍ਰੰਤੂ ਜੰਮੂ-ਕਸ਼ਮੀਰ ਹਾਈਵੇ ਇਕ ਵਾਰ ਫਿਰ ਬੰਦ ਹੋ ਜਾਣ ਨਾਲ ਵਾਦੀ ਦਾ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਸੰਪਰਕ ਕੱਟ ਗਿਆ। ਹਾਈਵੇ 'ਤੇ ਸੈਂਕੜੇ ਵਾਹਨਾਂ ਨੂੰ ਥਾਂ-ਥਾਂ ਰੋਕ ਦਿੱਤਾ ਗਿਆ ਹੈ। ਜੰਮੂ ਖੇਤਰ ਵਿਚ ਪੁਣਛ ਨੂੰ ਜੋੜਨ ਵਾਲਾ ਮੁਗਲ ਰੋਡ ਪਹਿਲੇ ਤੋਂ ਹੀ ਬੰਦ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਵੀ ਵਾਦੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ।

ਮੌਸਮ ਵਿਭਾਗ ਨੇ ਪਹਿਲੇ ਹੀ 11 ਜਨਵਰੀ ਤੋਂ ਜ਼ਿਆਦਾਤਰ ਇਲਾਕਿਆਂ ਵਿਚ ਬਰਫ਼ਬਾਰੀ ਦੀ ਭਵਿੱਖਵਾਣੀ ਕੀਤੀ ਸੀ। ਸ੍ਰੀਨਗਰ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀਰਵਾਰ ਦੇਰ ਸ਼ਾਮ ਤੋਂ ਬਰਫ਼ਬਾਰੀ ਦਾ ਸਿਲਸਿਲਾ ਸ਼ੁੱਕਰਵਾਰ ਸਵੇਰ ਤਕ ਜਾਰੀ ਰਿਹਾ। ਸ੍ਰੀਨਗਰ ਸਮੇਤ ਹੇਠਲੇ ਇਲਾਕਿਆਂ 'ਚ ਬਰਫ਼ ਦੀ ਚਾਦਰ ਤਿੰਨ ਇੰਚ ਮੋਟੀ ਸੀ ਪ੍ਰੰਤੂ ਗੁਲਮਰਗ, ਸੋਨਮਰਗ, ਪਹਿਲਗਾਮ, ਸਾਧਨਾ ਟਾਪ ਤੇ ਹੋਰ ਉਪਰਲੇ ਇਲਾਕਿਆਂ 'ਚ ਅੱਠ ਤੋਂ 10 ਇੰਚ ਮੋਟੀ ਬਰਫ਼ ਵਿੱਛ ਗਈ ਹੈ। ਉੱਚ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਿਨ ਭਰ ਜਾਰੀ ਰਹੀ। ਬਰਫ਼ਬਾਰੀ ਕਾਰਨ ਰਾਤ ਦੇ ਤਾਪਮਾਨ 'ਚ ਥੋੜ੍ਹਾ ਸੁਧਾਰ ਆਇਆ ਹੈ ਪ੍ਰੰਤੂ ਦਿਨ ਦੇ ਤਾਪਮਾਨ 'ਚ ਫਿਰ ਗਿਰਾਵਟ ਆ ਗਈ ਹੈ। ਸ੍ਰੀਨਗਰ 'ਚ ਅਧਿਕਤਮ ਤਾਪਮਾਨ 4.8 ਡਿਗਰੀ ਤੇ ਘੱਟੋ ਘੱਟ ਮਨਫ਼ੀ 1.4 ਡਿਗਰੀ ਸੈਲਸੀਅਸ ਰਿਹਾ। ਗੁਲਮਰਗ 'ਚ ਘੱਟੋ ਘੱਟ ਤਾਪਮਾਨ ਮਨਫ਼ੀ 2.1, ਪਹਿਲਗਾਮ 'ਚ ਮਨਫ਼ੀ 2.2 ਡਿਗਰੀ ਰਿਹਾ।

ਬਰਫ਼ ਦੇ ਤੋਦੇ ਡਿੱਗਣ ਦਾ ਖ਼ਤਰਾ ਬਰਕਰਾਰ

ਤਾਜ਼ਾ ਬਰਫ਼ਬਾਰੀ ਕਾਰਨ ਵਾਦੀ ਦੇ ਉੱਚ ਪਹਾੜੀ ਖੇਤਰਾਂ ਵਿਚ ਬਰਫ਼ ਦੇ ਤੋਦੇ ਡਿੱਗਣ ਦਾ ਖ਼ਤਰਾ ਹੋਰ ਵੱਧ ਗਿਆ ਹੈ। ਪ੍ਰਸ਼ਾਸਨ ਨੇ ਪਹਿਲੇ ਹੀ ਬੜਗਾਮ, ਕੁਪਵਾੜਾ, ਬਾਰਾਮੂਲਾ, ਬਾਂਦੀਪੋਰਾ, ਗਾਂਦਰਬਲ, ਸ਼ੋਪੀਆਂ, ਅਨੰਤਨਾਗ, ਪੁਲਵਾਮਾ ਅਤੇ ਕੁਲਗਾਮ ਦੇ ਉੱਚ ਪਹਾੜੀ ਇਲਾਕਿਆਂ 'ਚ ਬਰਫ਼ ਦੇ ਤੋਦੇ ਡਿੱਗਣ ਦੀ ਚਿਤਾਵਨੀ ਦਿੱਤੀ ਹੈ।