ਜਾਗਰਣ ਟੀਮ, ਨਵੀਂ ਦਿੱਲੀ : ਮਕਰ ਸੰਕ੍ਰਾਂਤੀ ਤੋਂ ਬਾਅਦ ਉੱਤਰੀ ਭਾਰਤ 'ਚ ਠੰਢ ਹੋਰ ਵੱਧ ਗਈ ਹੈ। ਇਕ ਪਾਸੇ ਜਿੱਥੇ ਪਹਾੜਾਂ 'ਚ ਲਗਾਤਾਰ ਹੋ ਰਹੀ ਬਰਫਬਾਰੀ ਨੇ ਜ਼ਿੰਦਗੀ ਦੀ ਰਫਤਾਰ ਰੋਕ ਦਿੱਤੀ ਹੈ। ਉੱਥੇ, ਦਿੱਲੀ ਐੱਨਸੀਆਰ ਸਮੇਤ ਆਸਪਾਸ ਦੇ ਸਾਰੇ ਸੂਬਿਆਂ 'ਚ ਧੁੰਦ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਸ਼ਨਿਚਰਵਾਰ ਨੂੰ ਤਾਪਮਾਨ 'ਚ ਗਿਰਾਵਟ ਦੇ ਨਾਲ ਦਿੱਲੀ ਨੂੰ ਧੁੰਦ ਦੀ ਚਾਦਰ ਨੇ ਲਪੇਟ ਲਿਆ। ਅਜਿਹੇ 'ਚ ਦਿਸਣ ਹੱਦ 50 ਮੀਟਰ ਤਕ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਨੂੰ ਸੰਘਣੀ ਧੁੰਦ ਰਹਿਣ ਦਾ ਖਦਸ਼ਾ ਹੈ। ਹਾਲਾਂਕਿ, ਸੋਮਵਾਰ ਤੋਂ ਠੰਢ ਤੋਂ ਥੋੜ੍ਹੀ ਰਾਹਤ ਮਿਲਣੀ ਸ਼ੁਰੂ ਹੋਵੇਗੀ। ਦਿਨ ਦੇ ਤਾਪਮਾਨ 'ਚ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ, ਜਦਕਿ ਵੱਧ ਤੋਂ ਵੱਧ ਤਾਪਮਾਨ 19.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜੰਮੂ 'ਚ ਸੰਘਣੀ ਧੁੰਦ ਰੱਦ ਰਹੀਆਂ ਚਾਰ ਉਡਾਣਾਂ

ਕਸ਼ਮੀਰ ਵਾਦੀ 'ਚ ਇਸ ਸਮੇਂ ਤਾਪਮਾਨ ਸਿਫਰ ਤੋਂ ਹੇਠਾਂ ਚੱਲਣ 'ਤੇ ਜੰਮੂ ਡਵੀਜ਼ਨ 'ਚ ਸ਼ੰਘਣੀ ਧੁੰਦ ਨਾਲ ਕੜਾਕੇ ਦੀ ਠੰਢ ਪੈ ਰਹੀ ਹੈ। ਜੰਮੂ 'ਚ ਧੁੰਦ ਕਾਰਨ ਸ਼ਨਿਚਰਵਾਰ ਨੂੰ ਇੱਥੇ ਆਉਣ ਵਾਲੀਆਂ ਚਾਰ ਉਡਾਣਾਂ ਰੱਦ ਰਹੀਆਂ ਹਨ। ਲੱਦਾਖ 'ਚ ਵੀ ਜਮਾ ਦੇਣ ਵਾਲੀ ਠੰਢ ਪੈ ਰਹੀ ਹੈ। ਮੌਸਮ ਵਿਗਿਆਨ ਕੇਂਦਰ ਸ੍ਰੀਨਗਰ ਮੁਤਾਬਕ, ਸ਼ਨਿਚਰਵਾਰ ਨੂੰ ਘੱਟੋ ਘੱਟ ਤਾਪਮਾਨ ਸਿਫ਼ਰ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ ਡੱਲ ਝੀਲ ਸਮੇਤ ਕਈ ਜਲ ਸਰੋਤ ਜੰਮ ਗਏ ਹਨ। ਬਾਰਾਮੁਲਾ 'ਚ ਸਕੀ-ਰਿਜ਼ਾਰਟ ਗੁਲਮਰਗ 'ਚ ਰਾਤ ਦਾ ਤਾਪਮਾਨ ਸਿਫਰ ਤੋਂ 5.4 ਡਿਗਰੀ ਹੇਠਾਂ ਦਰਜ ਕੀਤਾ ਗਿਆ।

ਭਾਰੀ ਬਰਫਬਾਰੀ ਨਾਲ ਜੰਮੂ ਕਸ਼ਮੀਰ 'ਚ 90 ਫੀਸਦੀ ਬਿਜਲੀ ਉਤਪਾਦਨ ਬੰਦ

ਜੰਮੂ ਕਸ਼ਮੀਰ 'ਚ ਹਾਲੀਆ ਭਾਰੀ ਬਰਫਬਾਰੀ ਨਾਲ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਬਰਫਬਾਰੀ ਤੇ ਕੜਾਕੇ ਦੀ ਠੰਢ ਕਾਰਨ ਸੂਬੇ ਦੇ ਜ਼ਿਆਦਾ ਜਲ ਸਰੋਤਾਂ ਦੇ ਸੁੱਕਣ ਤੇ ਜੰਮ ਜਾਣ ਨਾਲ ਕਰੀਬ 90 ਫੀਸਦੀ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਜੇ ਜਨਵਰੀ 'ਚ ਹੋਰ ਬਰਫਬਾਰੀ ਹੁੰਦੀ ਹੈ ਤਾਂ ਬਿਜਲੀ ਪੈਦਾਵਾਰ ਹੋਰ ਡਿੱਗ ਸਕਦੀ ਹੈ। ਜੰਮੂ ਕਸ਼ਮੀਰ 'ਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਇਸ ਸਮੇਂ ਗੁਆਂਢੀ ਸੂੁਬਿਆਂ ਤੋਂ ਬਿਜਲੀ ਖਰੀਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮੌਜੂਦ ਸਮੇਂ 'ਚ ਐੱਨਐੱਚਪੀਸੀ ਦੇ ਵੱਖ-ਵੱਖ ਪ੍ਰਰਾਜੈਕਟਾਂ 'ਚ 2457.96 ਮੈਗਾਵਾਟ ਬਿਜਲੀ ਪੈਦਾਵਾਰ ਦੀ ਸਮਰੱਥਾ ਹੈ।

ਹਿਮਾਚਲ 'ਚ 22 ਤੋਂ ਬਾਅਦ ਬਾਰਿਸ਼-ਬਰਫਬਾਰੀ ਦੀ ਸੰਭਾਵਨਾ

ਹਿਮਾਚਲ 'ਚ 22 ਜਨਵਰੀ ਦੇ ਬਾਅਦ ਪੱਛਮੀ ਗੜਬੜੀ ਹੋਣ ਨਾਲ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਪਹਾੜਾਂ 'ਤੇ ਹਲਕੀ ਬਰਫਬਾਰੀ ਹੋਈ ਸੀ, ਇਸ ਨਾਲ ਸ਼ਨਿਚਰਵਾਰ ਨੂੰ ਮੈਦਾਨੀ ਇਲਾਕਿਆਂ 'ਚ ਘੱਟ ਧੁੰਦ ਪਈ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਸੱਤ ਜ਼ਿਲਿ੍ਹਆਂ ਸਿਰਮੌਰ, ਸੋਲਨ, ਊਨਾ, ਹਮੀਰਪੁਰ, ਬਿਲਾਸਪੁਰ, ਮੰਡੀ ਤੇ ਕਾਂਗੜਾ 'ਚ ਧੁੰਦ ਸਵੇਰੇ ਦੋ-ਤਿੰਨ ਘੰਟੇ ਰਹਿਣ ਦਾ ਬਾਅਦ ਹਟ ਰਹੀ ਹੈ। ਕੁਝ ਥਾਵਾਂ 'ਤੇ ਸਵੇਰੇ ਕਰੀਬ 10 ਵਜੇ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈ ਰਹੀਆਂ ਹਨ।