ਨਵੀਂ ਦਿੱਲੀ (ਏਐੱਨਆਈ/ਰਾਇਟਰ) : ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈੱਟ ਦਾ ਕਹਿਣਾ ਹੈ ਕਿ ਜੁਲਾਈ 'ਚ ਭਾਵੇਂ ਹੀ ਮੌਨਸੂਨ ਨੇ ਥੋੜ੍ਹੀ ਜਿਹੀ ਰਫ਼ਤਾਰ ਫੜ ਲਈ ਹੈ ਪਰ ਅਲਨੀਨੋ ਦਾ ਪ੍ਰਭਾਵ ਵੱਡੇ ਪੱਧਰ 'ਤੇ ਪੈਣ ਵਾਲਾ ਹੈ। ਭਾਰਤ 'ਚ ਮੌਨਸੂਨ ਘੱਟ ਹੋਣ ਦੀ ਕੁਦਰਤੀ ਘਟਨਾ ਨੂੰ ਅਲਨੀਨੋ ਕਿਹਾ ਜਾਂਦਾ ਹੈ। ਲਿਹਾਜ਼ਾ ਬੁੱਧਵਾਰ ਨੂੰ ਖ਼ਤਮ ਹੋਏ ਪੂਰੇ ਹਫ਼ਤੇ 'ਚ ਪੂਰੇ ਦੇਸ਼ 'ਚ ਅੌਸਤ ਤੋਂ 20 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਦੇ ਚੱਲਦਿਆਂ ਦੇਸ਼ ਦੇ ਮੱਧ, ਪੱਛਮੀ ਤੇ ਦੱਖਣੀ ਹਿੱਸਿਆਂ 'ਚ ਫ਼ਸਲਾਂ ਦੀ ਉਪਜ ਨੂੰ ਲੈ ਕੇ ਚਿੰਤਾ ਡੂੰਘੀ ਹੋਣ ਲੱਗੀ ਹੈ। ਭਾਰਤ ਵਿਚ ਮੌਨਸੂਨ ਸ਼ੁਰੂ ਹੋਣ ਦੀ ਤਰੀਕ ਪਹਿਲੀ ਜੂਨ ਤੋਂ ਹੁਣ ਤਕ ਮਿਲਾ ਕੇ ਅੌਸਤ ਨਾਲੋਂ 16 ਫ਼ੀਸਦੀ ਘੱਟ ਬਰਸਾਤ ਹੋਈ ਹੈ। ਦੇਸ਼ ਦੇ ਆਰਥਿਕ ਵਿਕਾਸ ਤੇ ਖੇਤੀਬਾੜੀ ਲਈ ਮੌਨਸੂਨੀ ਬਾਰਿਸ਼ ਬੇਹੱਦ ਜ਼ਰੂਰੀ ਹੈ। 55 ਫ਼ੀਸਦੀ ਵਾਹੀ ਯੋਗ ਜ਼ਮੀਨ 'ਚ ਸਿੰਚਾਈ ਇਸੇ ਬਰਸਾਤ 'ਤੇ ਨਿਰਭਰ ਹੈ। ਭਾਰਤ 'ਚ ਅਮੂਮਨ ਹਰ ਸਾਲ 75 ਫ਼ੀਸਦੀ ਬਰਸਾਤ ਜੂਨ ਤੋਂ ਸਤੰਬਰ ਦਰਮਿਆਨ ਮੌਨਸੂਨ 'ਚ ਹੁੰਦੀ ਹੈ। ਇਸ ਵੇਲੇ ਕਰਨਾਟਕ, ਕੇਰਲ, ਉੱਤਰ ਪ੍ਰਦੇਸ਼, ਅਸਾਮ ਤੇ ਉੱਤਰਾਖੰਡ ਵਰਗੇ ਸੂਬਿਆਂ 'ਚ ਚੰਗੀ ਬਾਰਿਸ਼ ਹੋ ਰਹੀ ਹੈ।

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ 17 ਜੁਲਾਈ ਦੇ ਇਸ ਹਫ਼ਤੇ 'ਚ ਦੇਸ਼ ਦੇ ਮੱਧ ਹਿੱਸੇ ਵਿਚ ਕਪਾਹ ਤੇ ਸੋਇਆਬੀਨ ਦੀ ਉਪਜ ਵਾਲੇ ਇਲਾਕਿਆਂ 'ਚ ਅੌਸਤ ਤੋਂ 68 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਜਦਕਿ ਦੱਖਣ 'ਚ ਰਬੜ ਤੇ ਚਾਹ ਦੇ ਇਲਾਕਿਆਂ 'ਚ 71 ਫ਼ੀਸਦੀ ਘੱਟ ਬਾਰਸ਼ ਹੋਈ ਹੈ। ਪੱਛਮ 'ਚ ਗੰਨਾ ਤੇ ਮੂੰਗਫਲੀ ਦੇ ਇਲਾਕਿਆਂ 'ਚ ਵੀ ਅੌਸਤ ਤੋਂ ਘੱਟ ਬਾਰਿਸ਼ ਹੋਈ ਹੈ। ਆਈਐੱਮਡੀ ਦੇ ਹਿਸਾਬ ਨਾਲ ਅੌਸਤ ਜਾਂ ਸਾਧਾਰਨ ਬਾਰਿਸ਼ ਨੂੰ 96 ਫ਼ੀਸਦੀ ਤੇ 104 ਫ਼ੀਸਦੀ ਵਿਚਕਾਰ ਮੰਨਿਆ ਜਾਂਦਾ ਹੈ। ਇਹ ਅੰਕੜਾ ਚਾਰ ਮਹੀਨਿਆਂ ਦੇ ਇਸ ਮੌਸਮ 'ਚ ਅੌਸਤ ਬਰਸਾਤ ਦਾ ਪੈਮਾਨਾ ਪੰਜਾਹ ਸਾਲ ਦੀ ਅੌਸਤ 89 ਸੈਂਟੀਮੀਟਰ ਬਾਰਿਸ਼ ਮੰਨੀ ਜਾਂਦੀ ਹੈ। ਜੂਨ-ਜੁਲਾਈ ਤੋਂ ਲੈ ਕੇ ਅਕਤੂਬਰ ਦਰਮਿਆਨ ਭਾਰਤੀ ਕਿਸਾਨ ਝੋਨਾ, ਮੱਕੀ, ਕਪਾਹ, ਸੋਇਆਬੀਨ ਤੇ ਮੂੰਗਫਲੀ ਆਦਿ ਦੀ ਖੇਤੀ ਕਰਦੇ ਹਨ।

ਅਸਾਮ 'ਚ ਹੜ੍ਹ ਨਾਲ ਹੁਣ ਤਕ 30 ਮਰੇ

ਇਸ ਨਿੱਕੀ ਮੋਟੀ ਬਾਰਿਸ਼ ਦੇ ਬਾਵਜੂਦ ਕਈ ਪੂਰਬੀ ਤੇ ਪੂਰਬ ਉੱਤਰੀ ਇਲਾਕੇ ਹੜ੍ਹ ਦੀ ਲਪੇਟ ਵਿਚ ਹਨ। ਅਸਾਮ 'ਚ ਮੌਨਸੂਨੀ ਬਾਰਿਸ਼ ਦੇ ਚੱਲਦਿਆਂ ਪਿਛਲੇ ਦੋ ਹਫ਼ਤਿਆਂ 'ਚ ਘੱਟੋ ਘੱਟ 58 ਲੱਖ ਲੋਕ ਬੇਘਰ ਹੋ ਗਏ ਹਨ। ਪਿਛਲੇ 24 ਘੰਟਿਆਂ 'ਚ ਅਸਾਮ ਦੇ ਵੱਖ-ਵੱਖ ਇਲਾਕਿਆਂ ਵਿਚੋਂ 10 ਹੋਰ ਲਾਸ਼ਾਂ ਮਿਲਣ ਪਿੱਛੋਂ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤੀਹ ਹੋ ਗਈ ਹੈ। ਇਸ ਵੇਲੇ ਅਸਾਮ ਤੇ ਬਿਹਾਰ ਸੂਬੇ ਹੜ੍ਹ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਉਸਮਾਨਾਬਾਦ 'ਚ ਪਾਣੀ ਦੀ ਭਾਰੀ ਕਿੱਲਤ

ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦੇ 700 ਤੋਂ ਜ਼ਿਆਦਾ ਪਿੰਡਾਂ 'ਚ ਕਰੀਬ 550 ਪਿੰਡ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਮਹਾਰਾਸ਼ਟਰ ਦੇ ਇਨ੍ਹਾਂ ਇਲਾਕਿਆਂ 'ਚ ਪਾਣੀ ਦੀ ਭਾਰੀ ਕਮੀ ਹੋ ਗਈ ਹੈ ਚੂੰਕਿ ਇੱਥੇ ਮੌਨਸੂਨ 'ਚ ਬੜੀ ਮੁਸ਼ਕਿਲ ਨਾਲ 15 ਫ਼ੀਸਦੀ ਬਾਰਿਸ਼ ਹੋਈ। ਜ਼ਿਲ੍ਹੇ ਦੇ 225 ਜਲ ਭੰਡਾਰਾਂ 'ਚ ਕੇਵਲ 0.74 ਫ਼ੀਸਦੀ ਜਲ ਰਾਸ਼ੀ ਹੀ ਬਾਕੀ ਰਹਿ ਗਈ ਹੈ। ਮਰਾਠਵਾੜਾ ਖੇਤਰ ਦੇ ਇਨ੍ਹਾਂ ਇਲਾਕਿਆਂ 'ਚ ਧਰਤੀ ਹੇਠਲਾ ਪਾਣੀ ਵੀ ਬਹੁਤ ਹੇਠਾਂ ਜਾ ਚੁੱਕਾ ਹੈ। ਇਹ ਗੱਲ ਸਥਾਨਕ ਕਿਸਾਨਾਂ ਤੇ ਹੋਰ ਲੋਕਾਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਨ੍ਹਾਂ ਇਲਾਕਿਆਂ 'ਚ ਜਲ ਸੰਕਟ ਤੋਂ ਬਚਣ ਲਈ ਪਾਣੀ ਦੇ 234 ਟੈਂਕਰਾਂ ਦਾ ਇੰਤਜ਼ਾਮ ਕੀਤਾ ਗਿਆ ਹੈ।