ਪੱਤਰ ਪੇ੍ਰਕ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤੇ ਭਾਜਪਾ ਦਿੱਲੀ ਆਗੂ ਕੁਲਵੰਤ ਸਿੰਘ ਬਾਠ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨਾਂ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਭਿ੍ਸ਼ਟਾਚਾਰ ਹੋਇਆ ਹੈ, ਉਸ ਨਾਲ ਕਮੇਟੀ ਦੀ ਸਾਖ ਦੁਨੀਆ 'ਚ ਘਟੀ ਹੈ। ਉਸੇ ਭਿ੍ਸ਼ਟਾਚਾਰ 'ਚ ਅੱਜ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਸਿਰਸਾ ਵੱਲੋਂ ਮਨਜੀਤ ਸਿੰਘ ਜੀਕੇ 'ਤੇ ਦੋਸ਼ ਲਾਏ ਗਏ ਸਨ। ਇਸੇ ਦੋਸ਼ਾਂ ਦੇ ਆਧਾਰ 'ਤੇ ਅਦਾਲਤ ਤੇ ਜਾਂਚ ਏਜੰਸੀ ਨੇ ਮਾਮਲਾ ਦਰਜ ਕੀਤਾ ਸੀ ਜਿਸ ਦੀ ਜਾਂਚ ਚੱਲ ਰਹੀ ਹੈ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪੀਆਰਓ ਭੁਪਿੰਦਰ ਸਿੰਘ ਵੱਲੋਂ ਵੀ ਸਿਰਸਾ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਾਏ ਗਏ ਸਨ ਪਰ ਡੂੰਘੀ ਛਾਣਬੀਣ ਤੋਂ ਬਾਅਦ ਜਾਂਚ ਏਜੰਸੀਆਂ ਨੇ ਹੁਣ ਸਿਰਸਾ 'ਤੇ ਮੁਕੱਦਮਾ ਦਰਜ ਕਰ ਦਿੱਤਾ। ਹੁਣ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇਹ ਕਿਹਾ ਜਾਣਾ ਕਿ ਇਹ ਮੁਕੱਦਮਾ ਭਾਜਪਾ ਦੇ ਕਹਿਣ 'ਤੇ ਦਰਜ ਹੋਇਆ ਹੈ ਤੇ ਕਿਸਾਨ ਅੰਦੋਲਨ ਨਾਲ ਜੋੜ ਕੇ ਇਸ 'ਚ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਬਾਦਲ ਜਾਂ ਉਨ੍ਹਾਂ ਦੀ ਪਾਰਟੀ ਏਨੀ ਦੁੱਧ ਧੋਤੀ ਹੈ ਤਾਂ ਉਨ੍ਹਾਂ ਨੂੰ ਸਿਰਸਾ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ ਤੇ ਤਿੰਨ ਮੈਂਬਰੀ ਸਰਬ ਪਾਰਟੀ ਕਮੇਟੀ ਬਣਾਉਣੀ ਚਾਹੀਦੀ ਹੈ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।