ਜੇਐੱਨਐੱਨ, ਸੋਨੀਪਤ : ਕੁੰਡਲੀ ਬਾਰਡਰ ’ਤੇ ਨਿਹੰਗਾਂ ਦੀ ਮਹਾਪੰਚਾਇਤ ’ਚ ਸਰਬ ਸੰਮਤੀ ਨਾਲ ਬਾਰਡਰ ’ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਗਿਆ। ਕਰੀਬ ਪੰਜ ਘੰਟੇ ਤਕ ਚੱਲੀ ਮਹਾਪੰਚਾਇਤ ’ਚ ਨਿਹੰਗਾਂ ਦੇ ਦੇਸ਼-ਵਿਦੇਸ਼ ਦੇ ਜਥੇਦਾਰਾਂ ਨੇ ਆਨਲਾਈਨ ਤੇ ਆਫਲਾਈਨ ਹਿੱਸਾ ਲਿਆ ਤੇ ਆਪਸ ’ਚ ਜਨਮਤ ਸੰਗ੍ਰਹਿ ਕਰਾਇਆ। ਕਰੀਬ 85 ਫ਼ੀਸਦੀ ਜਥੇਦਾਰਾਂ ਨੇ ਬਾਰਡਰ ’ਤੇ ਹੀ ਰੁਕੇ ਰਹਿਣ ਦਾ ਫੈਸਲਾ ਕੀਤਾ। ਇਸਦੇ ਨਾਲ ਹੀ ਧਰਮ ਦੇ ਮਾਮਲੇ ’ਚ ਕਿਸੇ ਦਾ ਦਖਲ ਸਵੀਕਾਰ ਨਹੀਂ ਕਰਨ ਦੀ ਵੀ ਚਿਤਾਵਨੀ ਮਹਾਪੰਚਾਇਤ ’ਚ ਦਿੱਤੀ ਗਈ। ਯਾਦ ਰਹੇ ਕਿ 15 ਅਕਤੂਬਰ ਨੂੰ ਬਾਰਡਰ ’ਤੇ ਪੰਜਾਬ ਦੇ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਵਾਸੀ ਲਖਬੀਰ ਸਿੰਘ ਦੀ ਹੱਥ ਪੈਰ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆ ਦਾ ਜ਼ਿੰਮਾ ਨਿਹੰਗਾਂ ਨੇ ਲਿਆ ਸੀ। ਕਿਸਾਨ ਮੋਰਚੇ ਦੇ ਆਗੂਆਂ ਨੇ ਖੁਦ ਨੂੰ ਇਸ ਤੋਂ ਅਲੱਗ ਕਰ ਲਿਆ ਸੀ ਤੇ ਮੁਲਜ਼ਮਾਂ ’ਤੇ ਸਖਤ ਕਾਰਵਾਈ ਦੀ ਹਮਾਇਤ ਕੀਤੀ ਸੀ। ਇਸ ਮਾਮਲੇ ’ਤੇ ਨਿਹੰਗ ਤੇ ਮੋਰਚਾ ਆਗੂ ਆਹਮੋ-ਸਾਹਮਣੇ ਆ ਗਏ ਸਨ। ਨਾਰਾਜ਼ ਨਿਹੰਗਾਂ ਨੇ ਮੋਰਚਾ ਆਗੂਆਂ ਨੂੰ ਬਿਆਨਬਾਜ਼ੀ ਨਹੀਂ ਕਰਨ ਦੀ ਸਲਾਹ ਦਿੱਤੀ ਸੀ। ਇਸਦੇ ਬਾਅਦ ਹੀ ਮਹਾਪੰਚਾਇਤ ਬੁਲਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ ਨਿਹੰਗਾਂ ਨੂੰ ਬਾਰਡਰ ’ਤੇ ਪ੍ਰਦਰਸ਼ਨ ’ਚ ਰਹਿਣ ਜਾਂ ਵਾਪਸ ਜਾਣ ’ਤੇ ਫੈਸਲਾ ਕਰਨਾ ਸੀ।

ਮੋਰਚੇ ਦੇ ਸੱਦੇ ’ਤੇ ਨਹੀਂ ਆਏ ਹਾਂ ਤੇ ਨਾ ਹੀ ਜਾਵਾਂਗੇ

ਮਹਾਪੰਚਾਇਤ ’ਚ ਜਨਮਤ ਸੰਗ੍ਰਹਿ ਤੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਨਿਹੰਗ ਪ੍ਰਦਰਸ਼ਨ ਤੋਂ ਵਾਪਸ ਨਹੀਂ ਜਾਣਗੇ। ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਸੱਦੇ ’ਤੇ ਨਹੀਂ ਆਏ ਤੇ ਨਾ ਹੀ ਉਨ੍ਹਾਂ ਦੇ ਕਹਿਣ ’ਤੇ ਵਾਪਸ ਜਾਣਗੇ। ਨਿਹੰਗਾਂ ਨੇ 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਨੂੰ ਬਚਾਇਆ ਸੀ, ਨਹੀਂ ਤਾਂ ਉਸੇ ਦਿਨ ਪ੍ਰਦਰਸ਼ਨ ਖਤਮ ਹੋ ਜਾਂਦਾ। ਪ੍ਰਦਰਸ਼ਨ ’ਚ ਸਰਗਰਮ ਆਗੂ ਪਲਵਿੰਦਰ ਸਿੰਘ ਤਲਵਾੜਾ ਨੇ ਮੰਚ ਤੋਂ ਕਿਹਾ ਕਿ ਪੂਰੇ ਪੰਜਾਬ ਤੇ ਵਿਦੇਸ਼ ਦੀਆਂ ਸੰਗਤਾਂ ਨੇ ਸਲਾਹ ਦਿੱਤੀ ਹੈ ਕਿ ਨਿਹੰਗਾਂ ਨੂੰ ਵਾਪਸ ਨਹੀਂ ਜਾਣਾ ਚਾਹੀਦਾ। ਇੱਥੋਂ ਕੋਈ ਆਰਡਰ ਕਰ ਕੇ ਉਨ੍ਹਾਂ ਨੂੰ ਨਹੀਂ ਕੱਢ ਸਕਦਾ। ਇਕ ਸੱਦੇ ’ਤੇ ਪੂਰਾ ਪੰਜਾਬ ਇੱਥੇ ਹਾਜ਼ਰ ਹੋ ਸਕਦਾ ਹੈ। ਕੋਈ ਵੀ ਜਥੇਬੰਦੀ ਵਾਪਸ ਨਹੀਂ ਜਾਵੇਗੀ।

ਇਨ੍ਹਾਂ ਦਾ ਮਿਲਿਆ ਸਮਰਥਨ

ਬੈਠਕ ’ਚ ਮੁੱਖ ਬੁਲਾਰੇ ਨਿਹੰਗ ਬਾਬਾ ਕੁਲਵਿੰਦਰ ਸਿੰਘ, ਬਾਬਾ ਜੀਵਨ ਸਿੰਘ,ਚਮਕੌਰ ਸਾਹਿਬ ਤੋਂ ਚੜ੍ਹਤ ਸਿੰਘ, ਰਾਜਾ ਰਾਮ ਸਿੰਘ, ਬਾਬਾ ਮਾਣ ਸਿੰਘ, ਮੜ੍ਹੀਆ ਵਾਲਾ ਬੁੱਢਾ ਦਲ ਦੇ ਬਾਬਾ ਬਲਵਿੰਦਰ ਸੰਘ, ਮੋਇਆ ਮੰਡੀ ਤੋਂ ਬਾਬਾ ਲਾਲ ਸਿੰਘ, ਬਾਬਾ ਸੁਖਪਾਲ ਸਿੰਘ, ਬਾਬਾ ਅਮਨ ਸਿੰਘ ਆਦਿ ਰਹੇ। ਜਿਨ੍ਹਾਂ ਸੰਗਠਨਾਂ ਨੇ ਨਿਹੰਗ ਜਥੇਬੰਦੀਆਂ ਦਾ ਸਮਰਥਨ ਕੀਤਾ, ਉਨ੍ਹਾਂ ’ਚ ਸਰਦਾਰ ਪਲਵਿੰਦਰ ਸਿੰਘ ਤਲਵਾੜਾ, ਗੁਰਦੀਪ ਸਿੰਘ ਯੂਨਾਈਟਿਡ ਅਕਾਲੀ ਦਲ, ਜਸਕਰਨ ਸਿੰਘ ਕਾਨਸਿੰਘ ਵਾਲਾ ਕਿਸਾਨ ਯੂਨੀਅਨ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਵਿੰਦਰ ਸਿੰਘ ਨਿਰਭੀਕ ਇੰਟਰਨੈਸ਼ਨਲ ਸੁਸਾਇਟੀ ਬੈਲਜੀਅਮ, ਜਤਿੰਦਰ ਸਿੰਘ ਬੈਸਟੈਕ ਮੋਰਚਾ ਮੋਹਾਲੀ, ਕੁਲਵੰਤ ਸਿੰਘ ਅਕਾਲ ਯੂਥ, ਸਰਦਾਰ ਜਸਵਿੰਦਰ ਸਿੰਘ ਯੂੁਨਾਈਟਿਡ ਅਕਾਲੀ ਦਲ, ਕਮਲਜੀਤ ਮੋਹਾਲੀ ਨੌਜਵਾਨ ਕਿਸਾਨ ਮਜਦੂਰ ਯੂਨੀਅਨ ਆਦਿ ਸ਼ਾਮਲ ਹਨ।

Posted By: Jatinder Singh