ਕਟੜਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੌਂ ਦਿਨਾਂ ਤਕ ਭਗਤੀ 'ਚ ਲੀਨ ਹੋਣ ਦੇ ਬਾਅਦ ਫਿਰ ਤੋਂ ਸਿਆਸਤ 'ਚ ਸ਼ਕਤੀ ਦਿਖਾਉਣ ਲਈ ਤਿਆਰ ਹਨ। ਤਿੰਨ ਜੁਲਾਈ ਨੂੰ ਪੰਜਾਬ ਦੀ ਸਿਆਸਤ ਤੋਂ ਕੁਝ ਦਿਨਾਂ ਲਈ ਬੇਮੁੱਖ ਹੋ ਕੇ ਅਗਿਆਸਤਵਾਸ 'ਤੇ ਕਟੜਾ 'ਚ ਮਾਂ ਵੈਸ਼ਨੋ ਦੇਵੀ ਦੇ ਚਰਨਾਂ 'ਚ ਪੁੱਜੇ ਸਿੱਧੂ ਵੀਰਵਾਰ ਨੂੰ ਨੌਂ ਦਿਨਾਂ ਬਾਅਦ ਪੰਜਾਬ ਪਰਤ ਗਏ।

ਵੀਰਵਾਰ ਸਵੇਰੇ ਨਵਜੋਤ ਸਿੰਘ ਸਿੱਧੂ ਸਵੇਰੇ ਮਾਂ ਵੈਸ਼ਨੋ ਦੇਵੀ ਦੀ ਦਿਵਿਆ ਆਰਤੀ 'ਚ ਸ਼ਾਮਲ ਹੋਏ, ਜਿਸ ਤੋਂ ਬਾਅਦ ਕੁਝ ਦੇਰ ਤਕ ਉਨ੍ਹਾਂ ਭਵਨ 'ਚ ਆਰਾਮ ਕੀਤਾ ਅਤੇ ਫਿਰ ਬੈਟਰੀ ਕਾਰ 'ਚ ਸਵਾਰ ਹੋ ਕੇ ਕਟੜਾ ਪੁੱਜੇ, ਜਿੱਥੋਂ ਪੰਜਾਬ ਲਈ ਰਵਾਨਾ ਹੋ ਗਏ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਿੱਧੂ ਲਗਾਤਾਰ ਨੌ ਦਿਨ ਤਕ ਮਾਂ ਵੈਸ਼ਨੋ ਦੇਵੀ ਦੀ ਅਰਾਧਨਾ 'ਚ ਲੀਨ ਰਹੇ ਹੋਣ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਸਿੱਧੂ ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਆਏ ਹਨ ਅਤੇ ਤਿੰਨ ਤੋਂ ਚਾਰ ਦਿਨ ਤਕ ਮਾਂ ਦੇ ਚਰਨਾਂ 'ਚ ਰਹੇ ਹਨ। ਦੋ ਵਾਰੀ ਚੁੱਪਚਾਪ ਤਰੀਕੇ ਨਾਲ ਸਿੱਧੂ ਭੈਰੋਂ ਘਾਟੀ ਵੀ ਪੁੱਜੇ ਅਤੇ ਬਾਬਾ ਭੈਰੌਨਾਥ ਦੇ ਚਰਨਾਂ 'ਚ ਵੀ ਨਤਮਸਤਕ ਹੋਏ।

ਜ਼ਿਕਰਯੋਗ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ 'ਚ ਹਾਲੀਆ ਹੋਏ ਮੰਤਰੀ ਮੰਡਲ ਫੇਰਬਦਲ ਦੇ ਬਾਅਦ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਥਾਂ ਬਿਜਲੀ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੀ। ਪਰ ਉਨ੍ਹਾਂ ਨੇ ਹਾਲੇ ਤਕ ਉਸ ਦਾ ਚਾਰਜ ਨਹੀਂ ਸੰਭਾਲਿਆ। ਕੈਪਟਨ ਅਤੇ ਸਿੱਧੂ ਦੇ ਰਿਸ਼ਤਿਆਂ 'ਚ ਆਈ ਕੁੜੱਤਣ 'ਚ ਇਸ ਵਾਰੀ ਮਾਂ ਦੇ ਭਵਨ 'ਚ ਪੁੱਜੇ ਸਨ ਅਤੇ ਇਸ ਦੀ ਉਨ੍ਹਾਂ ਨੇ ਕਿਸੇ ਨੂੰ ਸੂਹ ਨਹੀਂ ਲੱਗਣ ਦਿੱਤੀ ਸੀ।

ਨਾ ਕਿਸੇ ਨੂੰ ਮਿਲੇ, ਨਾ ਕਿਸੇ ਨੂੰ ਸੈਲਫ਼ੀ ਲੈਣ ਦਿੱਤੀ

ਆਪਣੇ ਵੈਸ਼ਨੋ ਦੇਵੀ ਪਰਵਾਸ ਦੌਰਾਨ ਸਿੱਧੂ ਨਾ ਤਾਂ ਕਿਸੇ ਨੂੰ ਮਿਲੇ ਅਤੇ ਨਾ ਹੀ ਕਿਸੇ ਨੂੰ ਫੋਟੋ ਆਦਿ ਲੈਣ ਦੀ ਇਜਾਜ਼ਤ ਦਿੱਤੀ। ਸਿੱਧੂ ਰੋਜ਼ ਸਵੇਰੇ ਛੇਤੀ ਉੱਠ ਜਾਂਦੇ ਰਹੇ ਅਤੇ ਮਾਂ ਦੇ ਦਰਬਾਰ 'ਚ ਸਵੇਰ ਹੋਣ ਵਾਲੀ ਸ਼ਿੰਗਾਰ ਆਰਤੀ 'ਚ ਹਿੱਸਾ ਲੈਂਦੇ ਰਹੇ। ਆਰਤੀ ਖ਼ਤਮ ਹੋਣ ਤੋਂ ਬਾਅਦ ਉਹ ਕਿਸੇ ਨਾਲ ਕੋਈ ਗੱਲਬਾਤ ਨਾ ਕਰਦੇ ਅਤੇ ਤੁਰੰਤ ਭਵਨ 'ਚ ਇਕ ਕਮਰੇ ਵਿਚ ਚਲੇ ਜਾਂਦੇ। ਸਾਰਾ ਦਿਨ ਉਹ ਆਪਣੇ ਕਮਰੇ ਵਿਚ ਹੀ ਮਾਂ ਦੀ ਭਗਤੀ ਵਿਚ ਲੀਨ ਰਹਿੰਦੇ ਸਨ।