ਬੈਂਗਲੁਰੂ (ਪੀਟੀਆਈ) : ਕਰਨਾਟਕ ਦੇ ਖੇਤੀ ਮੰਤਰੀ ਬੀਸੀ ਪਾਟਿਲ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਜਾ ਕੇ ਕੋਰੋਨਾ ਰੋਕੂ ਟੀਕਾ ਲਾਉਣ ਵਾਲੇ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਡਾਕਟਰ 'ਤੇ ਟੀਕਾਕਰਨ ਸਬੰਧੀ ਪ੍ਰਰੋਟੋਕਾਲ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਕੌਮੀ ਸਿਹਤ ਮਿਸ਼ਨ ਦੀ ਡਾਇਰੈਕਟਰ (ਕਰਨਾਟਕ) ਅਰੁੰਧਤੀ ਚੰਦਰਸ਼ੇਖਰ ਨੇ ਹਾਵੇਰੀ ਦੇ ਪ੍ਰਜਣਨ ਤੇ ਬਾਲ ਸਿਹਤ ਪ੍ਰਰੋਗਰਾਮ ਅਧਿਕਾਰੀ ਜੈਨੰਦ ਐੱਮ ਨੂੰ ਭੇਜੇ ਨੋਟਿਸ 'ਚ ਇਹ ਦੱਸਣ ਨੂੰ ਕਿਹਾ ਹੈ ਕਿ ਪ੍ਰਰੋਟੋਕਾਲ ਦੀ ਉਲੰਘਣਾ ਕਿਉਂ ਕੀਤੀ ਗਈ। ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਿਰਧਾਰਤ ਹਸਪਤਾਲਾਂ 'ਚ ਹੀ ਟੀਕਾਕਰਨ ਕੀਤਾ ਜਾਣਾ ਚਾਹੀਦਾ। ਵੱਖ-ਵੱਖ ਬੈਠਕਾਂ 'ਚ ਇਸ ਦੀ ਵਾਰ-ਵਾਰ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਮਾਮਲੇ 'ਚ ਕੇਂਦਰ ਨੇ ਵੀ ਕਰਨਾਟਕ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ।

ਦੱਸਣਯੋਗ ਹੈ ਕਿ ਆਮ ਲੋਕਾਂ ਦੇ ਟੀਕਾਕਰਨ ਦੇ ਦੂਜੇ ਦਿਨ ਮੰਗਲਵਾਰ ਨੂੰ ਪਾਟਿਲ ਨੇ ਸਿਹਤ ਅਧਿਕਾਰੀ ਨੂੰ ਆਪਣੇ ਘਰ ਸੱਦ ਕੇ ਟੀਕਾ ਲਗਵਾਇਆ ਸੀ। ਉਨ੍ਹਾਂ ਨੇ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਵੀ ਦਿੱਤੀ ਸੀ। ਇਸ ਤੋਂ ਬਾਅਦ ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਸਮੇਤ ਕਈ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ।

Posted By: Sunil Thapa