ਜਲਗਾਓਂ (ਮਹਾਰਾਸ਼ਟਰ) (ਏਐੱਨਆਈ) : ਭਵਿੱਖ 'ਚ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਰਲ਼ੇਵੇਂ ਦੇ ਸਵਾਲ 'ਤੇ ਸ਼ਰਦ ਪਵਾਰ ਨੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਤਲਖ਼ ਜਵਾਬ ਦਿੱਤਾ ਹੈ। ਰਲ਼ੇਵੇਂ ਦਾ ਸੁਝਾਅ ਦੇਣ 'ਤੇ ਕਾਂਗਰਸ ਨੇਤਾ ਸ਼ਿੰਦੇ ਦੀ ਆਲੋਚਨਾ ਕਰਦੇ ਹੋਏ ਐੱਨਸੀਪੀ ਮੁਖੀ ਪਵਾਰ ਨੇ ਕਿਹਾ ਕਿ ਸ਼ਿੰਦੇ ਨੂੰ ਆਪਣੀ ਪਾਰਟੀ ਦੇ ਬਾਰੇ ਵਿਚ ਸੋਚਨਾ ਚਾਹੀਦਾ ਹੈ, ਐੱਨਸੀਪੀ ਦੇ ਬਾਰੇ ਵਿਚ ਕੀ ਕਰਨਾ ਹੈ, ਉਸ ਨੂੰ ਦੇਖਣ ਲਈ ਉਹ ਹਨ।

ਇੱਥੇ ਪ੍ਰੈੱਸ ਕਾਨਫਰੰਸ 'ਚ ਪਵਾਰ ਨੇ ਕਿਹਾ, 'ਸੂਬੇ ਵਿਚ ਕਾਂਗਰਸ ਅਤੇ ਐੱਨਸੀਪੀ ਗਠਜੋੜ ਵਿਚ ਨਾਲ ਕੰਮ ਕਰ ਰਹੀ ਹੈ। ਸੁਸ਼ੀਲ ਕੁਮਾਰ ਸ਼ਿੰਦੇ ਨੂੰ ਕਾਂਗਰਸ ਦਾ ਵਿਚਾਰ ਰੱਖਣਾ ਚਾਹੀਦਾ ਹੈ, ਐੱਨਸੀਪੀ ਦਾ ਨਹੀਂ। ਮੈਂ ਐੱਨਸੀਪੀ ਦਾ ਰਾਸ਼ਟਰੀ ਪ੍ਰਧਾਨ ਹਾਂ ਅਤੇ ਮੇਰੀ ਪਾਰਟੀ ਦੀ ਸਥਿਤੀ ਦੇ ਬਾਰੇ ਵਿਚ ਮੇਰੇ ਤੋਂ ਜ਼ਿਆਦਾ ਕੋਈ ਦੂਜਾ ਨਹੀਂ ਜਾਣਦਾ। ਸੋਲਾਪੁਰ 'ਚ ਮੰਗਲਵਾਰ ਨੂੰ ਐੱਨਸੀਪੀ ਉਮੀਦਵਾਰ ਦੇ ਸਮਰਥਨ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਿੰਦੇ ਨੇ ਕਿਹਾ, 'ਆਖ਼ਰ, ਕਾਂਗਰਸ ਅਤੇ ਐੱਨਸੀਪੀ, ਭਲੇ ਹੀ ਇਹ ਦੋਵੇਂ ਵੱਖ-ਵੱਖ ਹੋਣ, ਮੈਂ ਤੁਹਾਨੂੰ ਇਸ ਮੰਚ ਤੋਂ ਦੱਸਦਾ ਹਾਂ ਕਿ ਇਹ ਪਾਰਟੀਆਂ ਨੇੜ ਭਵਿੱਖ ਵਿਚ ਕਰੀਬ ਆਉਣਗੀਆਂ ਅਤੇ ਕਾਂਗਰਸ ਦਾ ਏਕੀਕਰਨ ਹੋਵੇਗਾ।' ਸ਼ਿੰਦੇ ਨੇ ਕਿਹਾ ਸੀ, 'ਕਾਂਗਰਸ ਅਤੇ ਐੱਨਸੀਪੀ ਦੋਵੇਂ ਬਰਾਬਰ ਹਨ। ਅਸੀਂ ਦੋਵੇਂ ਇੱਕੋ ਹੀ ਦਰੱਖਤ ਦੇ ਹੇਠਾਂ ਵੱਡੇ ਹੋਏ ਹਾਂ। ਇੰਦਰਾ ਗਾਂਧੀ ਅਤੇ ਯਸ਼ਵੰਤ ਰਾਓ ਚੌਹਾਨ ਦੀ ਅਗਵਾਈ ਵਿਚ ਅੱਗੇ ਵਧੇ ਹਾਂ।

ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਉਠਾਉਂਦੇ ਹੋਏ ਸ਼ਰਦ ਪਵਾਰ 1998-99 ਵਿਚ ਕਾਂਗਰਸ ਤੋਂ ਅਲੱਗ ਹੋ ਗਏ ਸਨ। ਬਾਅਦ ਵਿਚ ਉਨ੍ਹਾਂ ਤਾਰਿਕ ਅਨਵਰ, ਪੀਕੇ ਸੰਗਮਾ ਨਾਲ ਮਿਲ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਗਠਨ ਕੀਤਾ ਸੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਅਤੇ ਐੱਨਸੀਪੀ ਗਠਜੋੜ ਬਣਾ ਕੇ ਚੋਣਾਂ ਲੜ ਰਹੇ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ ਸੱਤਾਧਾਰੀ ਭਾਜਪਾ-ਸ਼ਿਵ ਸੈਨਾ ਗਠਜੋੜ ਨਾਲ ਹੈ।