ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਪੀਐੱਮ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਦੂਜੀ ਗ਼ੈਰਰਸਮੀ ਗੱਲਬਾਤ ਨੂੰ ਲੈ ਕੇ ਬਣਿਆ ਸ਼ੱਕ ਖ਼ਤਮ ਹੋ ਗਿਆ ਹੈ। ਪਰ ਦੋਵੇਂ ਨੇਤਾਵਾਂ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਕਸ਼ਮੀਰ ਦਾ ਪੇਚ ਫਸਦਾ ਦਿਖਾਈ ਦੇ ਰਿਹਾ ਹੈ। ਭਾਰਤ ਆਉਣ ਤੋਂ ਪਹਿਲਾਂ ਜਿਨਪਿੰਗ ਦੀ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨਾਲ ਮੁਲਾਕਾਤ ਅਤੇ ਉਸ ਵਿਚ ਕਸ਼ਮੀਰ 'ਤੇ ਚੁੱਭਣ ਵਾਲਾ ਬਿਆਨ ਅਤੇ ਉਸ 'ਤੇ ਭਾਰਤੀ ਵਿਦੇਸ਼ ਮੰਤਰਾਲੇ ਦੀ ਤਿੱਖੀ ਪ੍ਰਤੀਕ੍ਰਿਆ ਤੋਂ ਸਾਬਿਤ ਹੋ ਰਿਹਾ ਹੈ ਕਿ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੈ। ਵੈਸੇ ਮੋਦੀ ਅਤੇ ਜਿਨਪਿੰਗ ਇਸ ਤੋਂ ਵੀ ਜ਼ਿਆਦਾ ਤਣਾਅ ਵਾਲੇ ਮਾਹੌਲ (ਡੋਕਲਾਮ ਘਟਨਾਕ੍ਰਮ ਦੌਰਾਨ) 'ਚ ਮੁਲਾਕਾਤ ਕਰ ਕੇ ਰਿਸ਼ਤਿਆਂ 'ਚ ਭਰੋਸਾ ਪੈਦਾ ਕਰਨ ਦਾ ਕੰਮ ਕਰ ਚੁੱਕੇ ਹਨ।

ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਮੋਦੀ-ਜਿਨਪਿੰਗ ਦੀ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਮਗਰੋਂ ਮੁਲਾਕਾਤ ਤੋਂ ਦੋ ਦਿਨ ਪਹਿਲਾਂ ਇਸ ਬਾਰੇ ਰਸਮੀ ਐਲਾਨ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਤੇ ਨਵੀਂ ਦਿੱਲੀ 'ਚ ਚੀਨ ਦੇ ਰਾਜਦੂਤ ਨੇ ਕੁਝ ਹੀ ਮਿੰਟਾਂ ਦੇ ਫ਼ਰਕ 'ਤੇ ਅਗਲੀ ਯਾਤਰਾ ਦਾ ਵੇਰਵਾ ਦਿੱਤਾ। ਦੋਵੇਂ ਧਿਰਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਚੀਨ ਦੇ ਰਾਸ਼ਟਰਪਤੀ ਦੇ ਦੌਰੇ ਦੇ ਦੇਰੀ ਨਾਲ ਐਲਾਨ ਦੇ ਪਿੱਛੇ ਕੋਈ ਖ਼ਾਸ ਕਾਰਨ ਹੈ। ਇਸ ਦੇਰ ਦੇ ਬਾਵਜੂਦ ਦੋਵੇਂ ਧਿਰਾਂ ਦਰਮਿਆਨ ਇਸ ਗੱਲਬਾਤ ਨੂੰ ਲੈ ਕੇ ਤਿਆਰੀਆਂ ਜ਼ਬਰਦਸਤ ਤਰੀਕੇ ਨਾਲ ਚੱਲ ਰਹੀਆਂ ਹਨ। ਚੀਨ ਦੇ ਰਾਸ਼ਟਰਪਤੀ ਭਾਰਤ ਦਾ ਦੌਰਾ ਸਮਾਪਤ ਕਰਨ ਤੋਂ ਬਾਅਦ ਨਿਪਾਲ ਜਾਣਗੇ। ਇਸ ਗੱਲ ਦੇ ਸੰਕੇਤ ਦਿੱਤੇ ਗਏ ਹਨ ਕਿ ਦੋਵਾਂ ਨੇਤਾਵਾਂ ਵਲੋਂ ਆਪਣੀ ਅੰਤਰਰਾਸ਼ਟਰੀ ਸਰਹੱਦ 'ਤੇ ਸ਼ਾਂਤੀ ਬਹਾਲੀ ਲਈ ਇਸ ਵਾਰੀ ਕੁਝ ਹੋਰ ਉੁਪਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਇਨ੍ਹਾਂ ਦਰਮਿਆਨ ਹੋਈ ਪਹਿਲੀ ਗ਼ੈਰਰਸਮੀ ਗੱਲਬਾਤ ਤੋਂ ਬਾਅਦ ਇਸ ਤਰ੍ਹਾਂ ਦੇ ਉਪਾਵਾਂ ਦੀ ਪਹਿਲੀ ਕਿਸ਼ਤ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ।

ਜਿਨਪਿੰਗ ਆਪਣੇ ਕਈ ਅਹਿਮ ਅਧਿਕਾਰੀਆਂ ਨਾਲ ਸ਼ੁੱਕਰਵਾਰ (11 ਅਕਤੂਬਰ) ਨੂੰ ਦੁਪਹਿਰ ਨੂੰ ਚੇਨਈ ਦੇ ਨਜ਼ਦੀਕ ਮਾਮਲਪੁਰਮ ਪਹੁੰਚਣਗੇ। ਉੱਥੇ ਪਹੁੰਚਣ ਤੋਂ ਕੁਝ ਹੀ ਦੇਰ ਬਾਅਦ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ। ਇਸ ਮੁਲਾਕਾਤ ਤੋਂ ਹੀ ਗ਼ੈਰਰਸਮੀ ਗੱਲਬਾਤ ਦਾ ਦੌਰ ਸ਼ੁਰੂ ਹੋ ਜਾਵੇਗਾ ਤਾਂ ਅਗਲੇ ਦਿਨ ਦੁਪਹਿਰ ਤਕ ਕਈ ਦੌਰ 'ਚ ਅਤੇ ਕਈ ਘੰਟਿਆਂ ਤੱਕ ਚੱਲੇਗਾ। ਉਨ੍ਹਾਂ ਦੇ ਨਾਲ ਪੋਲਿਟ ਬਿਊਰੋ ਦੇ ਕੁਝ ਵੱਡੇ ਅਧਿਕਾਰੀ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਹੋਣਗੇ।