ਨਵੀਂ ਦਿੱਲੀ, ਪੀਟੀਆਈ : 'ਸ਼ਾਹੀ ਲੀਚੀ' ਅਤੇ 'ਜ਼ਰਦਾਲੂ ਅੰਬ'। ਨਾਮ ਸੁਣਦੇ ਹੀ ਅੱਖਾਂ 'ਚ ਚਮਕ ਆ ਜਾਂਦੀ ਹੈ, ਮੂੰਹ 'ਚ ਪਾਣੀ ਆ ਜਾਂਦਾ ਹੈ ਅਤੇ ਮਨ ਨੂੰ ਇਨ੍ਹਾਂ ਸਵਾਦਿਸ਼ਟ ਫਲ਼ਾਂ ਦਾ ਸਵਾਦ ਲਏ ਬਿਨਾਂ ਚੈਨ ਨਹੀਂ ਆਉਂਦਾ। ਇਸੀ ਮੌਸਮ 'ਚ ਬਾਜ਼ਾਰਾਂ 'ਚ ਇਨ੍ਹਾਂ ਦੋਵੇਂ ਫਲ਼ਾਂ ਦੀ ਭਰਮਾਰ ਰਹਿੰਦੀ ਹੈ, ਖ਼ਾਸਤੌਰ 'ਤੇ ਬਿਹਾਰ ਦੇ ਫਲ਼ ਬਾਜ਼ਾਰਾਂ 'ਚ। ਪਰ ਲਾਕਡਾਊਨ ਕਾਰਨ ਹਾਲੇ ਇਹ ਫਲ਼ ਪੂਰੀ ਮਾਤਰਾ 'ਚ ਬਾਜ਼ਾਰਾਂ 'ਚ ਨਹੀਂ ਪਹੁੰਚ ਰਹੇ, ਫਿਰ ਵੀ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਬਿਹਾਰ ਸਰਕਾਰ ਨੇ ਭਾਰਤੀ ਡਾਕ ਨਾਲ ਮਿਲ ਕੇ ਰਾਜ ਦੇ ਕੁਝ ਸ਼ਹਿਰਾਂ 'ਚ ਇਨ੍ਹਾਂ ਫਲ਼ਾਂ ਦੀ ਹੋਮ ਡਿਲਵਰੀ ਦੀ ਤਿਆਰੀ ਕਰ ਲਈ ਹੈ।

ਇਨ੍ਹਾਂ ਸ਼ਹਿਰਾਂ 'ਚ ਹੋਵੇਗੀ ਡਿਲਵਰੀ

ਹਾਲੇ ਪਟਨਾ, ਮੁਜ਼ਫਰਨਗਰ ਅਤੇ ਭਾਗਲਪੁਰ ਸ਼ਹਿਰ ਦੇ ਲੋਕਾਂ ਨੂੰ ਇਨ੍ਹਾਂ ਫਲ਼ਾਂ ਦੀ ਹੋਮ ਡਿਲਵਰੀ ਮਿਲ ਸਕੇਗੀ। ਭਾਰਤੀ ਡਾਕ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਡਾਕ ਨੇ ਇਕ ਬਿਆਨ 'ਚ ਕਿਹਾ, 'ਬਿਹਾਰ ਪੋਸਟਲ ਸਰਕਲ ਨੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਨਾਲ ਇਕ ਸਮਝੌਤਾ ਕੀਤਾ ਹੈ। ਇਸਦੇ ਤਹਿਤ ਮੁਜ਼ਫਰਨਗਰ ਤੋਂ ਸ਼ਾਹੀ ਲੀਚੀ ਅਤੇ ਭਾਗਲਪੁਰ ਤੋਂ ਜ਼ਰਦਾਲੂ ਅੰਬ ਦੀ ਹੋਮ ਡਿਲਵਰੀ ਲੋਕਾਂ ਤਕ ਕੀਤੀ ਜਾਵੇਗੀ।' ਭਾਰਤੀ ਡਾਕ ਦੇ ਬੁਲਾਰੇ ਨੇ ਕਿਹਾ ਕਿ ਇਸ ਖ਼ਰੀਦਦਾਰੀ 'ਚ ਡਿਲਵਰੀ ਫ਼ੀਸ ਵੀ ਜੋੜੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਨੂੰ ਦੇਖਦੇ ਹੋਏ ਰਾਜ 'ਚ ਲੀਚੀ ਅਤੇ ਅੰਬ ਦੀ ਖੇਤੀ ਕਰਨ ਵਾਲੇ ਲੋਕਾਂ ਵਲੋਂ ਬੇਨਤੀ ਕਰਨ 'ਤੇ ਇਹ ਸਮਝੌਤਾ ਹੋਇਆ ਹੈ।

ਇਥੋਂ ਦੇ ਸਕਦੇ ਹਨ ਆਰਡਰ

ਲੋਕ ਬਿਹਾਰ ਬਾਗਵਾਨੀ ਵਿਭਾਗ ਦੀ ਵੈਬਸਾਈਟ 'ਤੇ ਜਾ ਕੇ ਇਨ੍ਹਾਂ ਫਲ਼ਾਂ ਲਈ ਆਰਡਰ ਦੇ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮੁਜ਼ਫਰਪੁਰ ਦੀ ਸ਼ਾਹੀ ਲਾਚੀ ਅਤੇ ਭਾਗਲਪੁਰ ਦਾ ਜ਼ਰਦਾਲੂ ਅੰਬ ਕਾਫੀ ਪ੍ਰਸਿੱਧ ਹੈ। ਲੀਚੀ ਲਈ ਘੱਟ ਤੋਂ ਘੱਟ ਦੋ ਕਿੱਲੋ ਅਤੇ ਅੰਬ ਲਈ ਘੱਟ ਤੋਂ ਘੱਟ ਪੰਜ ਕਿੱਲੋ ਦਾ ਆਰਡਰ ਕੀਤਾ ਜਾ ਸਕਦਾ ਹੈ। ਬਿਆਨ ਅਨੁਸਾਰ, ਹਾਲੇ ਤਕ 4400 ਕਿੱਲੋ ਲੀਚੀ ਦਾ ਆਰਡਰ ਵੈਬਸਾਈਟ 'ਤੇ ਆ ਚੁੱਕਾ ਹੈ ਅਤੇ ਇਹ ਮਾਤਰਾ ਇਸ ਸੀਜ਼ਨ 'ਚ ਇਕ ਲੱਖ ਕਿੱਲੋ ਤਕ ਜਾ ਸਕਦੀ ਹੈ। ਬਿਆਨ 'ਚ ਦੱਸਿਆ ਕਿ ਅੰਬ ਲਈ ਆਰਡਰ ਮਈ ਦੇ ਅੰਤਿਮ ਹਫ਼ਤੇ 'ਚ ਸ਼ੁਰੂ ਹੋਵੇਗਾ।

Posted By: Susheel Khanna