ਭੁਜ (ਏਜੰਸੀ) : ਬੀਐੱਸਐੱਫ ਨੇ ਗੁਜਰਾਤ ਨਾਲ ਲੱਗਣ ਵਾਲੀ ਦੇਸ਼ ਦੀ ਪਾਣੀ ਵਾਲੀ ਸਰਹੱਦ ਦੇ ਅੰਦਰ ਮੱਛੀਆਂ ਵਾਲੀ ਕਿਸ਼ਤੀ ਵਿਚ ਸਵਾਰ ਦੋ ਸ਼ੱਕੀ ਪਾਕਿਸਤਾਨੀਆਂ ਨੂੰ ਫੜਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿਚ ਦੋਵਾਂ ਨੇ ਖ਼ੁਦ ਨੂੰ ਮਛੇਰੇ ਦੱਸਿਆ ਹੈ।

ਸੋਮਵਾਰ ਸ਼ਾਮ ਗੁਜਰਾਤ ਤਟ ਦੇ ਨੇੜੇ ਸਥਿਤ ਹਰਾਮੀ ਨਾਲੇ ਜਲ ਖੇਤਰ 'ਚ ਸ਼ੱਕੀ ਕਿਸ਼ਤੀ ਦੇਖੀ ਗਈ। ਇਹ ਕਿਸ਼ਤੀ ਭਾਰਤ ਵੱਲ ਆ ਰਹੀ ਸੀ। ਜਦ ਉਸ ਵਿਚ ਸਵਾਰ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਲਟ ਦਿਸ਼ਾ 'ਚ ਭੱਜਣ ਲੱਗੇ। ਇਸ 'ਤੇ ਘੇਰ ਕੇ ਉਨ੍ਹਾਂ ਨੂੰ ਫੜ੍ਹ ਲਿਆ ਗਿਆ। ਇਸ ਤੋਂ ਬਾਅਦ ਬੀਐੱਸਐੱਫ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ। ਹਾਲ ਦੇ ਦਿਨਾਂ 'ਚ ਹਰਾਮੀ ਨਾਲਾ ਖੇਤਰ ਤੋਂ ਪਾਕਿਸਤਾਨੀਆਂ ਨੇ ਘੁਸਪੈਠ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ।

ਕੁਝ ਹੀ ਦਿਨਾਂ 'ਚ ਇਸ ਜਲ ਖੇਤਰ 'ਚ ਭਾਰਤ ਵੱਲ ਆ ਰਹੀਆਂ ਪੰਜ ਪਾਕਿਸਤਾਨੀ ਕਿਸ਼ਤੀਆਂ ਫੜੀਆਂ ਗਈਆਂ ਹਨ। ਇਹ ਇਲਾਕਾ ਅਰਬ ਸਾਗਰ ਦੇ ਸਰ ਕ੍ਰੀਕ ਦੇ ਨੇੜੇ ਪੈਂਦਾ ਹੈ ਜੋ ਭਾਰਤ ਤੇ ਪਾਕਿਸਤਾਨ ਦੀ ਰਸਮੀ ਸਰਹੱਦੀ ਰੇਖਾ ਹੈ। ਇਸ ਤੋਂ ਪਹਿਲਾਂ ਵੀ ਇਸ ਇਲਾਕੇ 'ਚ ਭਾਰਤੀ ਸੁਰੱਖਿਆ ਬਲਾਂ ਨੂੰ ਕਈ ਲਾਵਾਰਿਸ ਪਾਕਿਸਤਾਨੀ ਕਿਸ਼ਤੀਆਂ ਮਿਲੀਆਂ ਹਨ। ਇਸ ਲਈ ਪੂਰੇ ਇਲਾਕੇ 'ਤੇ ਕੜੀ ਨਜ਼ਰ ਰੱਖੀ ਜਾ ਰਹੀ।