ਨਵੀਂ ਦਿੱਲੀ (ਆਈਏਐੱਨਐੱਸ) : ਸ਼ੀ ਬਾਕਸ ਪੋਰਟਲ 'ਤੇ ਦਰਜ ਕੇਸਾਂ ਮੁਤਾਬਿਕ ਕੰਮ ਵਾਲੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮਹਾਰਾਸ਼ਟਰ ਸਿਖ਼ਰ 'ਤੇ ਹੈ। ਇਹ ਤੱਥ ਇਸ ਧਾਰਨਾ ਦੇ ਖ਼ਿਲਾਫ਼ ਹੈ ਕਿ ਇਹ ਸੂਬਾ ਔਰਤਾਂ ਲਈ ਸੁਰੱਖਿਅਤ ਹੈ।

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਪੋਰਟਲ 'ਤੇ ਦਰਜ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਅੰਕੜੇ ਜਾਰੀ ਕੀਤੇ ਹਨ। ਸੈਕਸੁਅਲ ਹਰਾਸਮੈਂਟ ਇਲੈਕਟ੍ਰਾਨਿਕ ਬਾਕਸ ਜਾਂ ਸ਼ੀ-ਬਾਕਸ ਇਕ ਆਨਲਾਈਨ ਸ਼ਿਕਾਇਤ ਮੈਨੇਜਮੈਂਟ ਪ੍ਰਣਾਲੀ ਹੈ ਜਿਸ ਨੂੰ ਸਰਕਾਰ ਨੇ ਔਰਤਾਂ ਵੱਲੋਂ ਕੰਮ ਵਾਲੀਆਂ ਥਾਵਾਂ 'ਤੇ ਜਿਨਸੀ ਸ਼ੋਸ਼ਣ ਨਾਲ ਜੁੜੀਆਂ ਸ਼ਿਕਾਇਤਾਂ ਦਰਜ ਕਰਾਉਣ ਲਈ ਵਿਕਸਿਤ ਕੀਤਾ ਹੈ। ਇਨ੍ਹਾਂ ਔਰਤਾਂ 'ਚ ਨਿੱਜੀ ਖੇਤਰ ਤੇ ਸਰਕਾਰੀ ਮੁਲਾਜ਼ਮ ਦੋਵੇਂ ਸ਼ਾਮਲ ਹਨ।

ਸ਼ੀ ਬਾਕਸ ਪੋਰਟਲ 'ਤੇ ਜਿਵੇਂ ਹੀ ਸ਼ਿਕਾਇਤ ਦਾਖ਼ਲ ਕੀਤੀ ਜਾਂਦੀ ਹੈ ਇਹ ਸਿੱਧੇ ਉਸ ਸਬੰਧਤ ਅਧਿਕਾਰੀ ਤਕ ਪਹੁੰਚ ਜਾਂਦੀ ਹੈ ਜਿਹੜਾ ਇਸ ਮਾਮਲੇ 'ਚ ਕਾਰਵਾਈ ਕਰਨ 'ਚ ਸਮਰੱਥ ਹੁੰਦਾ ਹੈ। ਅੰਕੜਿਆਂ ਮੁਤਾਬਿਕ ਹੁਣ ਤਕ 203 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ ਜਿਨ੍ਹਾਂ 'ਚ ਕੇਂਦਰ ਸਰਕਾਰ, ਸੂਬਾ ਸਰਕਾਰ ਤੇ ਨਿੱਜੀ ਖੇਤਰ ਦੇ ਮਾਮਲੇ ਸ਼ਾਮਲ ਹਨ। ਸਾਲ 2017 ਤੋਂ ਸ਼ੀ ਬਾਕਸ ਰਾਹੀਂ ਨਿੱਜੀ ਤੇ ਜਨਤਕ ਅਦਾਰਿਆਂ ਤੋਂ ਪ੍ਰਰਾਪਤ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਚ ਸਭ ਤੋਂ 82 ਮਹਾਰਾਸ਼ਟਰ ਤੋਂ ਹਨ। ਇਸ ਦੇ ਬਾਅਦ ਉੱਤਰ ਪ੍ਰਦੇਸ਼ ਤੋਂ 65, ਦਿੱਲੀ ਤੋਂ 50 ਤੇ ਤਾਮਿਲਨਾਡੂ ਤੋਂ 48 ਸ਼ਿਕਾਇਤਾਂ ਦਰਜ ਹੋਈਆਂ।

ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਜਿਹੇ ਵੀ ਸੂਬੇ ਹਨ ਜਿਥੋਂ ਇਕ ਵੀ ਸ਼ਿਕਾਇਤ ਦਰਜ ਨਹੀਂ ਹੋਈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਸੂਬਿਆਂ 'ਚ ਕੋਈ ਸ਼ਿਕਾਇਤ ਨਹੀਂ ਹੈ। ਉੱਥੇ ਕਈ ਮਾਮਲੇ ਹਨ ਪਰ ਔਰਤਾਂ ਕਈ ਵਾਰੀ ਸ਼ਿਕਾਇਤ ਦਰਜ ਨਹੀਂ ਕਰਾਉਂਦੀਆਂ। ਸੂਬਾ ਸਰਕਾਰਾਂ ਨੂੰ ਔਰਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਅੱਗੇ ਆਉਣ ਤੇ ਅਪਰਾਧ ਦਰਜ ਕਰਾਉਣ। ਇਸ ਪਲੇਟਫਾਰਮ ਨੇ ਅਪਰਾਧ ਦਰਜ ਕਰਾਉਣਾ ਸਭ ਤੋਂ ਆਸਾਨ ਬਣਾ ਦਿੱਤਾ ਹੈ।