ਕੋਲਕਾਤਾ : ਸ਼ਿਲਾਂਗ ਦੇ ਸੀਬੀਆਈ ਦਫ਼ਤਰ 'ਚ ਸੋਮਵਾਰ ਨੂੰ ਵੀ ਕੋਲਕਾਤਾ ਪੁਲਿਸ ਕਮਿਸ਼ਨਰ (ਸੀਪੀ) ਰਾਜੀਵ ਕੁਮਾਰ ਤੋਂ ਲਗਪਗ ਸੱਤ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਤਿ੍ਣਮੂਲ ਕਾਂਗਰਸ ਦੇ ਸਾਬਕਾ ਰਾਜ ਸਭਾ ਮੈਂਬਰ ਕੁਣਾਲ ਘੋਸ਼ ਨੂੰ ਵੀ ਸਾਹਮਣੇ ਬਿਠਾਇਆ ਗਿਆ।

ਸੀਪੀ ਤੋਂ ਲਗਪਗ 280 ਸਵਾਲਾਂ ਦੇ ਜਵਾਬ ਮੰਗੇ ਗਏ। ਤੀਜੇ ਦਿਨ ਸੀਪੀ ਵੱਲੋਂ ਅਸਹਿਯੋਗ ਕਰਨ ਦੀ ਗੱਲ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕੁਝ ਸਵਾਲਾਂ ਦੇ ਜਵਾਬ ਅਜੇ ਤਕ ਨਹੀਂ ਮਿਲਣ ਕਰਕੇ ਮੰਗਲਵਾਰ ਨੂੰ ਫਿਰ ਸੀਪੀ ਨੂੰ ਪੁੱਛਗਿੱਛ ਲਈ ਬੁਲਾਏ ਜਾਣ ਦੀ ਸੰਭਾਵਨਾ ਪ੍ਗਟਾਈ ਗਈ ਹੈ।

ਸੂਤਰਾਂ ਅਨੁਸਾਰ ਸੋਮਵਾਰ ਸਵੇਰੇ 10 ਵਜੇ ਦੇ ਬਾਅਦ ਸ਼ਿਲਾਂਗ ਦੇ ਆਕਲੈਂਡ ਰੋਡ ਸਥਿਤ ਸੀਬੀਆਈ ਦਫ਼ਤਰ 'ਚ ਲਗਾਤਾਰ ਦੂਜੇ ਦਿਨ ਰਾਜੀਵ ਕੁਮਾਰ ਤੇ ਕੁਣਾਲ ਘੋਸ਼ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਸੀਬੀਆਈ ਅਫ਼ਸਰਾਂ ਨੇ ਸੀਪੀ ਅੱਗੇ ਲਗਪਗ 280 ਸਵਾਲ ਰੱਖੇ ਤੇ ਉਨ੍ਹਾਂ ਦਾ ਜਵਾਬ ਮੰਗਿਆ। ਇਸ ਮਗਰੋਂ ਸੀਪੀ ਦੇ ਉੱਤਰ ਨੂੰ ਕੁਣਾਲ ਦੇ ਦੋਸ਼ਾਂ ਨਾਲ ਮਿਲਾਇਆ ਗਿਆ। ਇਸ ਵਿਚਾਲੇ ਟੀ ਤੇ ਲੰਚ ਬਰੇਕ ਵੀ ਦਿੱਤਾ ਗਿਆ।

ਇਸ ਮਗਰੋਂ ਇਕ ਵਾਰ ਫਿਰ ਦੋਵਾਂ ਨੂੰ ਇਕੱਠੇ ਬਿਠਾਇਆ ਗਿਆ। ਸ਼ਾਮ ਲਗਪਗ ਪੰਜ ਵਜੇ ਤਕ ਸੀਬੀਆਈ ਨੇ ਆਪਣੀ ਪੁੱਛਗਿੱਛ ਪੂਰੀ ਕਰ ਲਈ। ਸੀਬੀਆਈ ਸੂਤਰਾਂ ਅਨੁਸਾਰ ਚਿੱਟਫੰਡ ਘੁਟਾਲੇ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਗਠਿਤ ਐੱਸਆਈਟੀ ਨੇ ਦੁਰਗਾਪੁਰ 'ਚ ਰੋਜ਼ਵੈਲੀ ਖ਼ਿਲਾਫ਼ ਦਾਇਰ ਮੁਕੱਦਮੇ ਨੂੰ ਸੀਬੀਆਈ ਦੇ ਨੋਟੀਫਿਕੇਸ਼ਨ 'ਚ ਕਿਉਂ ਨਹੀਂ ਪਾਇਆ ਸੀ, ਇਹ ਅਜੇ ਸਪੱਸ਼ਟ ਨਹੀਂ ਹੋ ਪਾਇਆ ਹੈ। ਇਹੀ ਵਜ੍ਹਾ ਸੀ ਕਿ ਐਤਵਾਰ ਸ਼ਾਮ ਰੋਜ਼ਵੈਲੀ ਮਾਮਲੇ 'ਚ ਜਾਂਚ ਅਧਿਕਾਰੀ ਸੋਜਮ ਸ਼ੇਰਪਾ ਨੂੰ ਵੀ ਸ਼ਿਲਾਂਗ ਬੁਲਾ ਲਿਆ ਗਿਆ ਸੀ।

ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਸੀਪੀ ਨੇ ਸੀਬੀਆਈ ਅਫ਼ਸਰਾਂ ਨੂੰ ਯਾਦ ਦਿਵਾ ਦਿੱਤਾ ਕਿ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਮਾਧਮਿਕ ਪ੍ਰੀਖਿਆ 'ਚ ਸੀਪੀ ਦਾ ਕੋਲਕਾਤਾ 'ਚ ਰਹਿਣਾ ਕਿੰਨਾ ਜ਼ਰੂਰੀ ਹੈ। ਹਾਲਾਂਕਿ ਇਸ ਬਾਬਤ ਸੀਬੀਆਈ ਵੱਲੋਂ ਕੋਈ ਸੰਤੋਖਜਨਕ ਜਵਾਬ ਨਹੀਂ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੀਪੀ 'ਤੇ ਸਾਰਧਾ ਚਿੱਟਫੰਡ ਨਾਲ ਜੁੜੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ ਹੈ। ਸੂਤਰਾਂ ਦੀ ਮੰਨੀਏ ਤਾਂ ਸਾਬਕਾ ਸੰਸਦ ਮੈਂਬਰ ਕੁਣਾਲ ਘੋਸ਼ ਤੋਂ ਪੁੱਛਗਿੱਛ ਪੂਰੀ ਹੋ ਗਈ ਹੈ। ਹੁਣ ਉਨ੍ਹਾਂ ਦੀ ਜ਼ਰੂਰਤ ਨਹੀਂ ਪਵੇਗੀ। ਉਧਰ ਸ਼ਾਮ ਨੂੰ ਸੀਬੀਆਈ ਦਫ਼ਤਰ 'ਚੋਂ ਨਿਕਲਣ ਮਗਰੋਂ ਕੁਣਾਲ ਘੋਸ਼ ਨੇ ਜਾਂਚ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਕਿਹਾ ਕਿ ਉਹ ਸ਼ੁਰੂ ਤੋਂ ਜਾਂਚ 'ਚ ਸਹਿਯੋਗ ਕਰਦੇ ਆ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ। ਹਾਲਾਂਕਿ ਉਨ੍ਹਾਂ ਇੰਨਾਂ ਜ਼ਰੂਰ ਕਿਹਾ ਕਿ ਇੰਨੇ ਦਿਨਾਂ ਬਾਅਦ ਸੀਪੀ ਨੂੰ ਸੀਬੀਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਮੇਰੀ ਨੈਤਿਕ ਜਿੱਤ ਹੈ। ਸੀਪੀ ਰਾਜੀਵ ਕੁਮਾਰ ਤੋਂ ਕਾਫੀ ਚਿਰ ਪਹਿਲਾਂ ਹੀ ਪੁੱਛਗਿੱਛ ਹੋਣੀ ਚਾਹੀਦੀ ਸੀ। ਉਨ੍ਹਾਂ ਸਿਆਸੀ ਪਾਰਟੀਆਂ ਤੋਂ ਸੀਬੀਆਈ ਜਾਂਚ ਨੂੰ ਲੈ ਕੇ ਸਿਆਸਤ ਨਹੀਂ ਕਰਨ ਦੀ ਵੀ ਅਪੀਲ ਕੀਤੀ।