ਜੇਐੱਨਐੱਨ, ਰੋਹਤਕ : ਉਹ ਜ਼ਿੰਦਗੀ ਦੀ ਭੱਜਦੌੜ ਤੋਂ ਤੰਗ ਆ ਗਏ ਹਨ। ਭਗਵਾਨ ਹੀ ਉਨ੍ਹਾਂ ਦੀ ਮੌਤ ਦੇ ਜ਼ਿੰਮੇਵਾਰ ਹਨ। ਕਿਸੇ ਦੂਸਰੇ ਨੂੰ ਪੁਲਿਸ ਕਸੂਰਵਾਰ ਨਾ ਠਹਿਰਾਏ। ਇਹ ਸੁਸਾਇਡ ਨੋਟ ਲਿਖ ਕੇ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ ਨਰਸਿੰਗ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਨੇ ਸਲਫਾਸ ਦੀ ਗੋਲੀਆਂ ਖਾ ਕੇ ਆਤਮ-ਹੱਤਿਆ ਕਰ ਲਈ। ਉਨ੍ਹਾਂ ਦੀ ਪਤਨੀ ਅਤੇ ਬੇਟੀ ਦੀ ਲਾਸ਼ ਸੈਕਟਰ-ਦੋ ਸਥਿਤ ਜਲਘਰ ਟੈਂਕ 'ਚੋਂ ਪੁਲਿਸ ਨੇ ਬਰਾਮਦ ਕੀਤੀ ਹੈ। ਇਕ ਬੇਟੀ ਪਾਣੀ ਦੇ ਟੈਂਕ ਤੋਂ ਤੈਰ ਕੇ ਬਾਹਰ ਆ ਗਈ ਅਤੇ ਆਪਣੀ ਜਾਨ ਬਚਾ ਲਈ।

ਪੀਜੀਆਈ ਦੇ ਨਰਸਿੰਗ ਕਾਲਜ 'ਚ ਕੰਮ ਕਰਦੇ ਸਨ ਡਾ. ਪ੍ਰਮੋਦ ਸਹਾਰਣ

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੈਕਟਰ-25 ਵਾਸੀ 35 ਸਾਲਾ ਡਾ. ਪ੍ਰਮੋਦ ਸਹਾਰਣ ਗੁਰੂਗ੍ਰਾਮ 'ਚ ਪ੍ਰੀਖਿਆ ਦੇਣ ਗਏ ਸਨ। ਸ਼ਾਮ ਨੂੰ ਰੋਗਤਕ ਪਹੁੰਚੇ ਅਤੇ ਕਨਹੇਲੀ ਰੋਡ ਸਥਿਤ ਸੈਕਟਰ-36 'ਚ ਉਨ੍ਹਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਸਤੋਂ ਬਾਅਦ ਪੀਜੀਆਈ 'ਚ ਸਾਥੀ ਮਾਹਿਰ ਨੂੰ ਫੋਨ ਕੀਤਾ। ਉਨ੍ਹਾਂ ਦੇ ਸਾਥੀ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਪ੍ਰਮੋਦ ਬੇਹੋਸ਼ ਸੀ, ਉਨ੍ਹਾਂ ਨੂੰ ਪੀਜੀਆਈ 'ਚ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਸਦੀ ਸੂਚਨਾ ਘਰ 'ਚ ਪਤਨੀ ਮਿਨਾਕਸ਼ੀ ਨੂੰ ਲੱਗੀ। ਉਹ ਕਾਹਨੌਰ 'ਚ ਬਾਇਓਲਾਜੀ ਦੀ ਲੈਕਚਰਾਰ ਹੈ। ਉਹ ਆਪਣੀਆਂ ਦੋਵੇਂ ਬੇਟੀਆਂ ਨੂੰ ਲੈ ਕੇ ਸਕੂਟਰੀ 'ਤੇ ਘਬਰਾਹਟ 'ਚ ਘਰੋਂ ਨਿਕਲ ਗਈ। ਗੁਆਂਢੀਆਂ ਨੇ ਉਸਨੂੰ ਰੋਕਣ ਦਾ ਯਤਨ ਵੀ ਕੀਤਾ ਪਰ ਉਹ ਸਫ਼ਲ ਨਹੀਂ ਹੋਏ। ਸ਼ਿਵਾਜੀ ਕਾਲੋਨੀ ਥਾਣਾ ਪੁਲਿਸ ਨੇ ਡਾ. ਪ੍ਰਮੋਦ ਦੀ ਕਾਰ ਦੀ ਜਾਂਚ ਕੀਤੀ ਤਾਂ ਉਸ 'ਚੋਂ ਸੁਸਾਈਡ ਨੋਟ ਮਿਲਿਆ, ਜਿਸਦੀ ਮੌਤ ਦੇ ਜ਼ਿੰਮੇਵਾਰ ਭਗਵਾਨ ਨੂੰ ਠਹਿਰਾਇਆ ਗਿਆ। ਇਸਤੋਂ ਬਾਅਦ ਪਤਨੀ ਅਤੇ ਦੋਵੇਂ ਬੇਟੀਆਂ ਦੀ ਤਲਾਸ਼ 'ਚ ਪੁਲਿਸ ਅਤੇ ਜਾਣਕਾਰ ਰਾਤ ਭਰ ਭੱਜ ਦੌੜ ਕਰਦੇ ਰਹੇ। ਦੇਰ ਰਾਤ ਸੈਕਟਰ-2 ਸਥਿਤ ਜਲਘਰ ਦੇ ਟੈਂਕ ਦੇ ਬਾਹਰ ਉਸਦੀ ਸਕੂਟਰੀ ਖੜ੍ਹੀ ਮਿਲੀ। ਵੀਰਵਾਰ ਸਵੇਰ ਪਤਨੀ ਮਿਨਾਕਸ਼ੀ ਅਤੇ ਛੋਟੀ ਬੇਟੀ ਦੀ ਲਾਸ਼ ਬਰਾਮਦ ਕੀਤੀ ਗਈ।

ਵੱਡੀ ਬੇਟੀ ਰਾਤ ਨੂੰ ਤੈਰ ਕੇ ਕਿਨਾਰੇ ਤਕ ਪਹੁੰਚੀ

ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਡਾ. ਪ੍ਰਮੋਦ ਦੀ 11 ਸਾਲ ਦੀ ਵੱਡੀ ਬੇਟੀ ਜਲਘਰ ਦੇ ਟੈਂਕ ਤੋਂ ਤੈਰ ਕੇ ਕਿਸੇ ਤਰ੍ਹਾਂ ਕਿਨਾਰੇ ਤਕ ਪਹੁੰਚੀ। ਇਸਤੋਂ ਬਾਅਦ ਉਹ ਕਿਸੇ ਜਾਣਕਾਰ ਕੋਲ ਗਈ ਅਤੇ ਘਟਨਾ ਦੇ ਬਾਰੇ 'ਚ ਜਾਣਕਾਰੀ ਦਿੱਤੀ। ਰਾਤ ਭਰ ਟੈਂਕ 'ਚ ਪੁਲਿਸ ਨੇ ਮਾਂ-ਬੇਟੀ ਦੀ ਖੋਜ ਕੀਤੀ ਪਰ ਸਵੇਰੇ ਦੋਵੇਂ ਲਾਸ਼ਾਂ ਬਰਾਮਦ ਹੋਈਆਂ।

ਭਰਾ ਦੀ ਮੌਤ ਤੋਂ ਪਰੇਸ਼ਾਨ ਸੀ ਡਾ. ਪ੍ਰਮੋਦ

ਮੂਲ ਰੂਪ ਨਾਲ ਰਾਜਸਥਾਨ ਦੇ ਰਾਜਗੜ੍ਹ ਜ਼ਿਲ੍ਹਾ ਵਾਸੀ ਡਾ. ਪ੍ਰਮੋਦ ਸਹਾਰਣ ਦਾ ਵਿਆਹ ਚਰਖੀਦਾਦਰੀ ਮਿਨਾਕਸ਼ੀ ਸਾਂਗਵਾਨ ਦੇ ਨਾਲ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਪ੍ਰਮੋਦ ਖੁਸ਼ਮਿਜਾਜ਼ ਇਨਸਾਨ ਸਨ। ਪਰ ਪਿਛਲੇ ਦਿਨੀਂ ਭਰਾ ਦੀ ਮੌਤ ਤੋਂ ਕਾਫੀ ਪਰੇਸ਼ਾਨ ਸਨ। ਇਸਤੋਂ ਬਾਅਦ ਉਨ੍ਹਾਂ ਦੇ ਵਿਵਹਾਰ 'ਚ ਕਾਫੀ ਬਦਲਾਅ ਵੀ ਆ ਗਿਆ ਸੀ। ਸੁਸਾਈਡ ਦੇ ਪਿਛੇ ਇਹ ਵੀ ਕਾਰਨ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਪਤਨੀ ਨੇ ਵੀ ਦੋਵੇਂ ਬੇਟੀਆਂ ਦੇ ਨਾਲ ਜਲਘਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕੀਤੀ, ਉਸ ਨਾਲ ਘਰੇਲੂ-ਕਲੇਸ਼ ਵੀ ਕਾਰਨ ਹੋ ਸਕਦਾ ਹੈ।

-----

'ਡਾ. ਪ੍ਰਮੋਦ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ-ਹੱਤਿਆ ਕੀਤੀ ਹੈ। ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸਵੇਰੇ ਉਨ੍ਹਾਂ ਦੀ ਪਤਨੀ ਅਤੇ ਛੋਟੀ ਬੇਟੀ ਦੀ ਲਾਸ਼ ਸੈਕਟਰ-2 ਸਥਿਤ ਜਲਘਰ ਦੇ ਟੈਂਕ 'ਚੋਂ ਬਰਾਮਦ ਹੋਈ। ਵੱਡੀ ਬੇਟੀ ਪਾਣੀ 'ਚੋਂ ਨਿਕਲਕੇ ਬਚਣ 'ਚ ਕਾਮਯਾਬ ਹੋ ਗਈ। ਪੋਸਟਮਾਰਟਮ ਲਈ ਲਾਸ਼ਾਂ ਨੂੰ ਭੇਜ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਹੀ ਪੂਰੀ ਘਟਨਾ ਦਾ ਪਤਾ ਲੱਗ ਸਕੇਗਾ।'

- ਬਿਜੇਂਦਰ ਸਿੰਘ, ਇੰਚਾਰਜ, ਥਾਣਾ ਸ਼ਿਵਾਜੀ ਕਾਲੋਨੀ, ਰੋਹਤਕ।

Posted By: Ramanjit Kaur