ਨਵੀਂ ਦਿੱਲੀ (ਏਜੰਸੀ) : ਅਯੁੱਧਿਆ ਮਾਮਲੇ 'ਤੇ ਫੈਸਲਾ ਦੇਣ ਵਾਲੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਹ ਕਦਮ ਸਾਵਧਾਨੀ ਲਈ ਚੁੱਕਿਆ ਗਿਆ ਸੀ, ਪਰ ਹੁਣ ਜੱਜਾਂ ਦੀ ਸੁਰੱਖਿਆ 'ਚ ਐਸਕਾਰਟ ਟੀਮਾਂ ਨੂੰ ਵੀ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੇ ਰਸਤਿਆਂ 'ਤੇ ਵੀ ਬੈਰੀਕੇਡ ਲਗਾਏ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ।

ਸ਼ਨਿਚਰਵਾਰ ਨੂੰ ਫੈਸਲਾ ਸੁਣਾਏ ਜਾਣ ਤੋਂ ਬਾਅਦ ਚੀਫ ਜਸਟਿਸ ਰੰਜਨ ਗੋਗੋਈ, ਮੁੱਖ ਜੱਜ ਸ਼ਰਦ ਅਰਵਿੰਦ ਬੋਬਡੇ, ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਨ ਤੇ ਜਸਟਿਸ ਐੱਸ ਅਬਦੁਲ ਨਜ਼ੀਰ ਦੀ ਸੁਰੱਖਿਆ ਵਧਾਈ ਗਈ ਹੈ। ਦੱਸ ਦਈਏ ਕਿ ਚੀਫ ਜਸਟਿਸ ਰੰਜਨ ਗੋਗੋਈ ਨੂੰ 7 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੱਜ ਸਾਹਿਬਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਾਸ ਖਤਰਾ ਨਹੀਂ ਹੈ, ਪਰ ਚੌਕਸੀ ਦੇ ਤੌਰ 'ਤੇ ਸੁਰੱਖਿਆ ਵਧਾਈ ਗਈ ਹੈ। ਸੁਰੱਖਿਆ ਦੇ ਤੌਰ 'ਤੇ ਸਰੱਖਿਆ ਦਸਤਿਆਂ ਨੂੰ ਜੱਜਾਂ ਦੇ ਘਰਾਂ 'ਤੇ ਤਾਇਨਾਤ ਕੀਤਾ ਗਿਆ ਹੈ, ਉਥੇ ਹੀ ਘਰਾਂ ਵਾਲੇ ਪਾਸੇ ਜਾਣ ਵਾਲੇ ਰਸਤਿਆਂ 'ਚ ਬੈਰੀਕੇਡ ਵੀ ਲਗਾਏ ਗਏ ਹਨ। ਹੁਣ ਹਰੇਕ ਜੱਜ ਦੇ ਵਾਹਨ ਨਾਲ ਐਸਕਾਰਟ ਵਾਹਨ ਵੀ ਚੱਲਣਗੇ, ਜਿਨਾਂ 'ਚ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਵੀ ਹੋਣਗੇ।