ਨਵੀਂ ਦਿੱਲੀ, ਪੀਟੀਆਈ : ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਤਹਿਤ ਆਮ ਲੋਕਾਂ ਨੂੰ ਸੋਮਵਾਰ ਤੋਂ ਟੀਕਾ ਲੱਗਣਾ ਸ਼ੁਰੂ ਜਾਵੇਗਾ। ਆਮ ਲੋਕਾਂ 'ਚ 60 ਸਾਲ ਤੋਂ ਜ਼ਿਆਦਾ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਸ਼ਾਮਲ ਹੋਣਗੇ। ਕੋ-ਵਿਨ 2.0 ਪੋਰਟਲ (Co-Win 2.0) ਦੇ ਨਾਲ ਹੀ ਆਰੋਗਿਯ ਸੇਤੂ 'ਤੇ ਸੋਮਵਾਰ ਸਵੇਰੇ ਨੌਂ ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਟੀਕਾ ਲਗਾਉਣ ਲਈ ਕਿਤੇ ਵੀ ਤੇ ਕਿਸੇ ਵੀ ਸਮੇਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਸਵੇਰੇ ਨੌਂ ਵਜੇ ਤੋਂ ਦੁਪਹਿਰੇ ਤਿੰਨ ਵਜੇ ਤਕ ਟੀਕਾ ਲਗਾਇਆ ਜਾਵੇਗਾ। Co-Win ਦੀ ਵੈੱਬਸਾਈਟ cowin.gov.in 'ਤੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਮੰਤਰਾਲੇ ਮੁਤਾਬਿਕ 60 ਸਾਲ ਜਾਂ ਜਿਨ੍ਹਾਂ ਦੀ ਉਮਰ ਪਹਿਲੀ ਜਨਵਰੀ, 2022 ਨੂੰ 60 ਸਾਲ ਹੋਣ ਵਾਲੀ ਹੋਵੇਗੀ ਉਹ ਵੀ ਟੀਕਾ ਲਗਵਾਉਣ ਦੇ ਯੋਗ ਹੋਣਗੇ। ਇਸੇ ਤਰ੍ਹਾਂ 20 ਤਰ੍ਹਾਂ ਦੀਆਂ ਗੰਭੀਰ ਬਿਮਾਰੀਅਂ 'ਚੋਂ ਕਿਸੇ ਇਕ ਨਾਲ ਪੀੜਤ ਤੇ 45 ਤੋਂ 59 ਸਾਲ ਜਾਂ ਪਹਿਲੀ ਜਨਵਰੀ, 2022 ਤਕ ਇਸ ਉਮਰ ਦਾ ਹੋਣ ਵਾਲੀ ਵਿਅਕਤੀ ਵੀ ਟੀਕਾਕਰਨ ਦਾ ਪਾਤਰ ਹੋਵੇਗਾ।

ਸਰਕਾਰੀ ਤੋਂ ਇਲਾਵਾ ਇਹ ਨਿੱਜੀ ਹਸਪਤਾਲ ਕੋਰੋਨਾ ਵੈਕਸੀਨ ਦੇਣ ਲਈ ਰਜਿਸਟਰਡ

ਕੇਂਦਰੀ ਸਿਹਤ ਮੰਤਰਾਲੇ ਤੇ ਕੌਮੀ ਸਿਹਤ ਅਥਾਰਟੀ (NHA) ਵੱਲੋਂ ਹਾਲ ਹੀ 'ਚ ਕੋ-ਵਿਨ 2.0 ਪੋਰਟਲ 'ਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਰਜਿਸਟ੍ਰੇਸ਼ਨ ਨਿੱਜੀ ਹਸਪਤਾਲਾਂ ਲਈ ਕਰਵਾਈ ਇਕ ਵਰਕਸ਼ਾਪ 'ਚ ਇਹ ਸੂਚਨਾ ਸਾਂਝੀ ਕੀਤੀ ਗਈ ਸੀ। ਇਨ੍ਹਾਂ ਹਸਪਤਾਲਾਂ 'ਚ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਯ ਯੋਜਨਾ (ਏਬੀ-ਪੀਐੱਮਜੇਏਵਾਈ) ਤਹਿਤ ਆਉਣ ਵਾਲੇ 10 ਹਜ਼ਾਰ ਹਸਪਤਾਲ, ਕੇਂਦਰੀ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਦੇ ਪੈਨਲ 'ਚ ਸ਼ਾਮਲ 600 ਤੋਂ ਜ਼ਿਆਦਾ ਹਸਪਤਾਲ ਤੇ ਸੂਬਾ ਸਰਕਾਰਾਂ ਦੀ ਸਿਹਤ ਬੀਮਾ ਯੋਜਨਾਵਾਂ ਦੇ ਪੈਨਲ 'ਚ ਸ਼ਾਮਲ ਹੋਰ ਨਿੱਜੀ ਹਸਪਤਾਲ ਸ਼ਾਮਲ ਸਨ।

ਕੋ-ਵਿਨ 'ਤੇ 20 ਗੰਭੀਰ ਬਿਮਾਰੀਆਂ

ਕੋਰੋਨਾ ਟੀਕਾਕਰਨ ਲਈ ਖਾਸ ਤੌਰ 'ਤੇ ਤਿਆਰ ਕੀਤੇ ਗਏ ਡਿਜੀਟਲ ਪਲੇਟਫਾਰਮ ਕੋ-ਵਿਨ2.0 'ਤੇ ਇਕ ਨਵਾਂ ਫੀਚਰ ਜੋੜਿਆ ਗਿਆ ਹੈ ਜਿਸ ਵਿਚ 20 ਗੰਭੀਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੀਕਾਕਰਨ ਤੋਂ ਬਾਅਦ ਲਾਭਪਾਤਰੀਆਂ 'ਚ ਨਜ਼ਰ ਆਉਣ ਵਾਲੇ ਪ੍ਰਤੀਕੂਲ ਪ੍ਰਭਾਵ ਦੇ ਇਲਾਜ ਨੂੰ ਲੈ ਕੇ ਵੀ ਨਿੱਜੀ ਹਸਪਤਾਲਾਂ ਦੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

ਕੋਈ ਵੀ ਕਿਤੇ ਵੀ ਲੈ ਸਕਦਾ ਹੈ ਵੈਕਸੀਨੇਸ਼ਨ

ਮੰਤਰਾਲੇ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਸੈਂਟਰ 'ਤੇ ਟੀਕਾ ਲਗਵਾ ਸਕਦਾ ਹੈ। ਸਰਕਾਰੀ ਹਸਪਤਾਲਾਂ 'ਚ ਮੁਫਤ ਟੀਕਾ ਲੱਗੇਗਾ, ਨਿੱਜੀ ਹਸਪਤਾਲਾਂ 'ਚ ਹਰੇਕ ਖੁਰਾਕ ਲਈ 250 ਰੁਪਏ ਦੇਣੇ ਪੈਣਗੇ। ਇਸ ਵਿਚ 150 ਰੁਪਏ ਟੀਕੇ ਲਈ ਤੇ 100 ਰੁਪਏ ਸਰਵਿਸ ਚਾਰਜ ਹੋਵੇਗਾ।

ਇਕ ਸਮੇਂ ਇਕ ਰਜਿਸਟ੍ਰੇਸ਼ਨ

ਮੰਤਰਾਲੇ ਨੇ ਦੱਸਿਆ ਕਿ ਹਰੇਕ ਖੁਰਾਕ ਲਈ ਕਿਸੇ ਵੀ ਸਮੇਂ ਇਕ ਲਾਭਪਾਤਰੀ ਕੋਈ ਇਕ ਸਮਾਂ ਬੁਕ ਕਰਵਾ ਸਕਦਾ ਹੈ। ਜਿਸ ਦਿਨ ਲਈ ਰਜਿਸਟ੍ਰੇਸ਼ਨ ਖੁੱਲ੍ਹੇਗੀ, ਉਸ ਦਿਨ ਦੁਪਹਿਰੇ ਤਿੰਨ ਵਜੇ ਤਕ ਦੀ ਹੀ ਅਪੁਆਇੰਟਮੈਂਟ ਲਈ ਜਾ ਸਕੇਗੀ। ਉਦਾਹਰਣ ਲਈ ਇਕ ਮਾਰਚ ਨੂੰ ਟੀਕਾਕਰਨ ਲਈ ਸਵੇਰੇ ਨੌਂ ਵਜੇ ਤੋਂ ਦੁਪਹਿਰੇ ਤਿੰਨ ਵਜੇ ਦੇ ਵਿਚਕਾਰ ਰਜਿਸਟ੍ਰੇਸ਼ਨ ਹੋਵੇਗੀ। ਕੋਈ ਵੀ ਵਿਅਕਤੀ ਇਸ ਦੌਰਾਨ ਕਿਸੇ ਸਮੇਂ ਲਈ ਅਪੁਆਇੰਟਮੈਂਟ ਲੈ ਸਕਦਾ ਹੈ। ਹਾਲਾਂਕਿ, ਇਕ ਮਾਰਚ ਨੂੰ ਅੱਗੇ ਦੀ ਤਰੀਕ ਲਈ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।

29ਵੇਂ ਦਿਨ ਦੂਸਰੀ ਡੋਜ਼ ਦੀ ਬੁਕਿੰਗ

ਪਹਿਲੀ ਡੋਜ਼ ਲੈਣ ਵਾਲਾ ਲਾਭਪਾਤਰੀ ਉਸ ਦੇ 29ਵੇਂ ਦਿਨ ਦੂਸਰੀ ਡੋਜ਼ ਲਈ ਇਸੇ ਪੋਰਟਲ 'ਤੇ ਬੁਕਿੰਗ ਕਰਵਾ ਸਕਦਾ ਹੈ। ਪਰ ਜੇਕਰ ਕੋਈ ਲਾਭਪਾਤਰੀ ਪਹਿਲੀ ਡੋਜ਼ ਦੀ ਬੁਕਿੰਗ ਰੱਦ ਕਰਦਾ ਹੈ ਤਾਂ ਉਸ ਦੀਆਂ ਦੋਵਾਂ ਡੋਜ਼ ਦੀ ਬੁਕਿੰਗ ਰੱਦ ਹੋ ਜਾਵੇਗੀ, ਕਿਉਂਕਿ ਪਹਿਲੀ ਡੋਜ਼ ਤੇ ਦੂਸਰੀ ਡੋਜ਼ ਵਿਚਕਾਰ 28 ਦਿਨਾਂ ਦਾ ਅੰਤਰ ਲਾਜ਼ਮੀ ਹੈ।

ਮੌਕੇ 'ਤੇ ਵੀ ਰਜਿਸਟ੍ਰੇਸ਼ਨ ਦੀ ਸਹੂਲਤ

ਮੰਤਰਾਲੇ ਮੁਤਾਬਿਕ ਕੋਈ ਯੋਗ ਵਿਅਕਤੀ ਜੇਕਰ ਪੋਰਟਲ 'ਤੇ ਰਜਿਸਟ੍ਰੇਸ਼ਨ ਨਹੀਂ ਕਰਵਾ ਪਾਉਂਦਾ ਹੈ ਤਾਂ ਉਹ ਸਿੱਧਾ ਟੀਕਾਕਰਨ ਕੇਂਦਰ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਸਲਾਟ ਖਾਲੀ ਹੋਣ 'ਤੇ ਉਸ ਨੂੰ ਤੁਰੰਤ ਟੀਕਾ ਵੀ ਲਗਾ ਦਿੱਤਾ ਜਾਵੇਗਾ।

ਇੰਝ ਕਰਵਾਓ ਰਜਿਸਟ੍ਰੇਸ਼ਨ

  • ਕੋਵਿਨ ਐਪ ਨੂੰ ਮੋਬਾਈਲ 'ਤੇ ਡਾਊਨਲੋਡ ਕਰੋ ਜਾਂ cowin.gov.in ਦੀ ਵੈੱਬਸਾਈਟ 'ਤੇ ਜਾਓ।
  • ਮੋਬਾਈਲ ਨੰਬਰ ਜਾਂ ਆਧਾਰ ਨੰਬਰ ਭਰੋ।
  • ਇਸ ਤੋਂ ਬਾਅਦ ਤੁਹਾਨੂੰ ਇਕ ਓਟੀਪੀ ਮਿਲੇਗਾ। ਇਸ ਨੂੰ ਭਰਨ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ।
  • ਤੁਸੀਂ ਇਸੇ ਅਕਾਊਂਟ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।
  • ਤੈਅ ਤਰੀਕ ਤੇ ਸਮੇਂ 'ਤੇ ਟੀਕਾਕਰਨ ਕੇਂਦਰ ਜਾਓ ਤੇ ਟੀਕਾ ਲਗਵਾਓ।
  • ਰੈਫਰੈਂਸ ਆਈਡੀ ਜ਼ਰੀਏ ਆਪਣਾ ਟੀਕਾਕਰਨ ਪ੍ਰਮਾਣ ਪੱਤਰ ਪ੍ਰਾਪਤ ਕਰੋ।

Posted By: Seema Anand