ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 13 ਅਤੇ 14 ਜੂਨ ਨੂੰ ਕਿਰਗਿਸਤਾਨ ਦੇ ਬਿਸ਼ਕੇਕ (Bishkek) 'ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ 'ਚ ਹਿੱਸਾ ਲੈਣਾ ਹੈ। ਇਸ ਸਬੰਧ 'ਚ ਭਾਰਤ ਵੱਲੋਂ ਪਾਕਿਸਤਾਨ ਨੂੰ ਗੁਜ਼ਾਰਿਸ਼ ਕੀਤੀ ਗਈ ਸੀ ਕਿ ਉਹ ਆਪਣੀ ਹਵਾਈ ਖੇਤਰ 'ਚੋਂ ਪੀਐੱਮ ਮੋਦੀ ਦੇ ਵਿਸ਼ੇਸ਼ ਜਹਾਜ਼ ਨੂੰ ਲੰਘਣ ਦੀ ਮਨਜ਼ੂਰੀ ਦੇਵੇ, ਜਿਸ ਨੂੰ ਗੁਆਂਢੀ ਦੇਸ਼ ਨੇ ਮਨਜ਼ੂਰੀ ਦੇ ਦਿੱਤੀ ਸੀ। ਪਰ ਹੁਣ ਪਾਕਿ ਨੂੰ ਦਰਕਿਨਾਰ ਕਰ ਭਾਰਤ ਨੇ ਮੱਧ ਏਸ਼ੀਆਈ ਦੇਸ਼ਾਂ ਤੋਂ ਉਡਾਨ ਭਰਨ ਦਾ ਫ਼ੈਸਲਾ ਕੀਤਾ ਹੈ।

ਪੀਐੱਮ ਮੋਦੀ ਦਾ ਵੀਵੀਆਈਪੀ ਜਹਾਜ਼ ਹੁਣ ਬਿਸ਼ਕੇਕ ਪਹੁੰਚਣ ਲਈ ਓਮਾਨ, ਈਰਾਨ ਅਤੇ ਸੈਂਟ੍ਰਲ ਏਸ਼ੀਆਈ ਦੇਸ਼ਾਂ ਦੇ ਉਪਰੋਂ ਉਡਾਨ ਭਰੇਗਾ, ਜਿੱਥੇ ਉਹ 13-14 ਜੂਨ ਨੂੰ ਸ਼ੰਘਾਈ ਸਹਿਯੋਗ ਸੰਗਠਨ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਵਾਲੇ ਹਨ।

ਐੱਮਈਏ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, 'ਭਾਰਤ ਸਰਕਾਰ ਨੇ ਬਿਕੇਕ ਨੂੰ ਵੀਵੀਆਈਪੀ ਜਹਾਜ਼ ਰਾਹੀਂ ਲੈ ਜਾਣ ਲਈ ਦੋ ਬਦਲ ਤਲਾਸ਼ੇ ਸਨ। ਹੁਣ ਫ਼ੈਸਲਾ ਲਿਆ ਗਿਆ ਹੈ ਕਿ ਵੀਵੀਆਈਪੀ ਜਹਾਜ਼ ਬਿਸ਼ਕੇਕ ਦੇ ਰਸਤੇ ਓਮਾਨ, ਈਰਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਹੁੰਦੇ ਹੋਏ ਉਡਾਨ ਭਰੇਗਾ।'

ਖ਼ਾਸ ਗੱਲ ਇਹ ਹੈ ਕਿ ਇਸ ਸੰਮੇਲਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਮੌਜੂਦ ਰਹਿਣਗੇ। ਹਾਲਾਂਕਿ ਇਸ ਦੌਰਾਨ ਮੋਦੀ ਅਤੇ ਇਮਰਾਨ ਖ਼ਾਨ ਦੀ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ।

ਦੱਸ ਦੇਈਏ ਕਿ ਬਾਲਾਕੋਟ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ 26 ਫਰਵਰੀ ਨੂੰ ਭਾਰਤ ਲਈ ਆਪਣੀ ਹਵਾਈ ਹੱਦ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੇ 11 ਹਵਾਈ ਮਾਰਗਾਂ 'ਚੋਂ ਦੱਖਣੀ ਖੇਤਰ ਦੇ ਸਿਰਫ਼ ਦੋ ਮਾਰਗ ਖੋਲ੍ਹੇ ਹਨ।

Posted By: Akash Deep