ਮੇਡਕ: ਤੇਲੰਗਾਨਾ ਦੇ ਮੇਡਕ ਜ਼ਿਲ੍ਹੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਕੂਲ ਦੇ ਪ੍ਰਿੰਸੀਪਲ ਨੇ ਪਾਣੀ ਬਚਾਉਣ ਲਈ 150 ਵਿਦਿਆਰਥਣਾਂ ਦੇ ਜ਼ਬਰਦਸਤੀ ਸਿਰ ਦੇ ਵਾਲ ਕਟਵਾ ਦਿੱਤੇ। ਇਹ ਘਟਨਾ 12 ਅਗਸਤ ਦੀ ਦੱਸੀ ਜਾ ਰਹੀ ਹੈ। ਮੇਡਕ ਦੇ ਟ੍ਰਾਈਬਲ ਗੁਰੂਕੁਲ ਸਕੂਲ 'ਚ ਇਹ ਵਾਕਿਆ ਹੋਇਆ। ਇੱਥੇ ਹੋਸਟਲ 'ਚ ਪਾਣੀ ਦੀ ਘਾਟ ਕਾਰਨ ਇਨ੍ਹਾਂ ਵਿਦਿਆਰਥਣਾਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਲੜਕੀਆਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਮਿਲਣ ਹੋਸਟਲ ਪਹੁੰਚੇ ਤੇ ਉਨ੍ਹਾਂ ਦੇ ਵਾਲ ਕੱਟੇ ਹੋਏ ਦੇਖੇ।

ਇੰਡੀਅਨ ਐਸਪ੍ਰੈੱਸ ਦੀ ਰਿਪੋਰਟ ਅਨੁਸਾਰ ਪ੍ਰਿੰਸੀਪਲ ਵੱਲੋਂ ਦੋ ਨਾਈਆਂ ਨੂੰ ਬੁਲਾਇਆ ਗਿਆ ਤੇ ਹੋਸਟਲ 'ਚ ਰਹਿਣ ਵਾਲੀਆਂ ਲਗਪਗ 150 ਵਿਦਿਆਰਥਣਾਂ ਦੇ ਵਾਲ ਉਨ੍ਹਾਂ ਦੀ ਮਰਜ਼ੀ ਬਿਨਾਂ ਕਟਵਾ ਦਿੱਤੇ। ਇਸ ਦਾ ਕਾਰਨ ਵਾਲ ਧੋਣ 'ਚ ਜ਼ਿਆਦਾ ਪਾਣੀ ਦਾ ਇਸਤੇਮਾਲ ਹੋਣਾ ਦੱਸਿਆ ਗਿਆ। ਇੰਨਾ ਹੀ ਨਹੀਂ ਇਸ ਦੇ ਲਈ ਹਰ ਵਿਦਿਆਰਥਣ ਤੋਂ 25 ਰੁਪਏ ਵੀ ਵਸੂਲੇ ਗਏ।

ਜਦੋਂ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨਾਰਾਜ਼ ਹੋ ਕੇ ਸਕੂਲ ਪ੍ਰਿੰਸੀਪਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਦੂਸਰੇ ਪਾਸੇ ਇਸ ਮਾਮਲੇ 'ਚ ਪ੍ਰਿੰਸੀਪਲ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਹ ਦੇਖਿਆ ਗਿਆ ਕਿ ਜ਼ਿਆਦਾਤਰ ਵਿਦਿਆਰਥਣਾਂ Lice Infestation ਅਤੇ Dermatological Diseases ਨਾਲ ਪੀੜਤ ਹਨ। ਇਸ ਦੌਰਾਨ ਵਿਦਿਆਰਥਣਾਂ ਦੀ ਬਿਹਤਰ ਸਿਹਤ ਤੇ ਤੰਦਰੁਸਤੀ ਦਾ ਵੀ ਹਵਾਲਾ ਦਿੱਤਾ।

ਪ੍ਰਿੰਸੀਪਲ ਨੇ ਕਿਹਾ ਕਿ ਵਾਲ ਕਟਵਾਉਣ ਦੌਰਾਨ ਵਿਦਿਆਰਥਣਾਂ ਦੀ ਮਰਜ਼ੀ ਵੀ ਪੁੱਛੀ ਗਈ ਸੀ। ਉਨ੍ਹਾਂ ਵੱਲੋਂ ਸਹਿਮਤੀ ਜਤਾਉਣ ਤੋਂ ਬਾਅਦ ਹੀ ਵਾਲ ਕੱਟੇ ਗਏ ਸਨ। ਇਸ ਮਾਮਲੇ ਦੀ ਜਾਣਕਾਰੀ ਜਦੋਂ ਪ੍ਰਸ਼ਾਸਨ ਨੂੰ ਮਿਲੀ ਤਾਂ ਉਨ੍ਹਾਂ ਨੇ ਸੱਚੀ ਜਾਣਨ ਲਈ ਇਸ 'ਤੇ ਜਾਂਚ ਸ਼ੁਰੂ ਕੀਤੀ ਹੈ।

Posted By: Akash Deep