ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਨੇ ਆਯੁੱਧਿਆ 'ਚ ਸ਼੍ਰੀਰਾਮ ਮੰਦਰ ਦੇ ਨਿਰਮਾਣ ਲਈ ਜ਼ਮੀਨ ਖ਼ਰੀਦਣ 'ਚ ਵੱਡੀ ਰਕਮ ਦੇ ਹੋਏ ਕਥਿਤ ਘਪਲੇ ਨੂੰ ਦੇਸ਼ ਦੇ ਨਾਗਰਿਕਾਂ ਦੀ ਆਸਥਾ ਨਾਲ ਖਿਲਵਾੜ ਦੱਸਦਿਆਂ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਇਸ ਹੇਰਾਫੇਰੀ ਦੀ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਇਸ ਨੂੰ ਵੱਡਾ ਘਪਲਾ ਦੱਸਦਿਆਂ ਕਿਹਾ ਕਿ ਮੰਦਰ ਨਿਰਮਾਣ ਲਈ ਕਰੋੜਾਂ ਲੋਕਾਂ ਕੋਲੋਂ ਇਕੱਠੇ ਕੀਤੇ ਚੰਦੇ ਦੀ ਦੁਰਵਰਤੋਂ ਤੇ ਭਿ੍ਸ਼ਟਾਚਾਰ ਮਹਾਪਾਪ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ 'ਚ ਟਵੀਟ ਕਰ ਕੇ ਕਿਹਾ, 'ਸ਼੍ਰੀ ਰਾਮ ਖ਼ੁਦ ਨਿਆਂ ਹੈ, ਸੱਚ ਹੈ, ਧਰਮ ਹੈ-ਉਨ੍ਹਾਂ ਦੇ ਨਾਂ 'ਤੇ ਧੋਖਾ ਅਧਰਮ ਹੈ।'

ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲ ਨੇ ਪ੍ਰਰੈੱਸ ਕਾਨਫਰੰਸ ਕਰ ਕੇ ਜ਼ਮੀਨ ਖ਼ਰੀਦਣ ਦੇ ਦਸਤਾਵੇਜ਼ਾਂ ਤੇ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਿੰਨ ਤੱਥਾਂ ਤੋਂ ਸਾਫ਼ ਹੈ ਕਿ ਇਸ ਮਾਮਲੇ 'ਚ ਘਪਲਾ ਕੀਤਾ ਗਿਆ। ਉਨ੍ਹਾਂ ਅਨੁਸਾਰ ਕੁਸੁਮ ਪਾਠਕ ਤੇ ਹਰੀਸ਼ ਪਾਠਕ ਨੇ ਆਯੁੱਧਿਆ 'ਚ 12,080 ਵਰਗ ਮੀਟਰ ਜ਼ਮੀਨ 18 ਮਾਰਚ, 2021 ਨੂੰ ਸ਼ਾਮ 7.10 ਵਜੇ ਰਜਿਸਟਰਡ ਸੇਲ ਡੀਡ ਰਾਹੀਂ ਦੋ ਕਰੋੜ ਰੁਪਏ 'ਚ ਰਵੀ ਮੋਹਨ ਤਿਵਾੜੀ ਤੇ ਸੁਲਤਾਨ ਅੰਸਾਰੀ ਨੂੰ ਵੇਚ ਦਿੱਤੀ। ਉਸੇ ਦਿਨ ਸ਼ਾਮ 7.15 ਵਜੇ ਇਹ ਜ਼ਮੀਨ ਰਵੀ ਮੋਹਨ ਤਿਵਾੜੀ ਤੇ ਸੁਲਤਾਨ ਅੰਸਾਰੀ ਨੇ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰੀ ਟਰੱਸਟ ਨੂੰ ਸਕੱਤਰ ਚੰਪਤ ਰਾਏ ਦੇ ਮਾਰਫ਼ਤ 18.5 ਕਰੋੜ ਰੁਪਏ ਵੇਚਣ ਦਾ ਰਜਿਸਟਰਡ ਇਕਰਾਰਨਾਮਾ ਕਰ ਦਿੱਤਾ। ਦੋਵੇਂ ਰਜਿਸਟਰੀਆਂ 'ਚ ਅਨਿਲ ਮਿਸ਼ਰਾ, ਜੋ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰੀ ਟਰੱਸਟ ਦੇ ਟਰੱਸਟੀ ਵੀ ਹਨ ਤੇ ਰਿਸ਼ੀਕੇਸ਼ ਉਪਾਧਿਆਏ ਗਵਾਹ ਹਨ। ਉਨ੍ਹਾਂ ਨੇ ਕਿਹਾ ਕਿ ਮਿਸ਼ਰਾ ਰਾਸ਼ਟਰੀ ਸਵੈ-ਸੇਵਕ ਦੇ ਤਾਉਮਰ ਮੈਂਬਰ ਤੇ ਸਾਬਕਾ ਸੂਬਾਈ ਸਰਪ੍ਰਸਤ ਰਹੇ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੱਸਟ ਦਾ ਮੈਂਬਰ ਬਣਾਇਆ ਹੈ, ਜਦਕਿ ਉਪਾਧਿਆਏ ਭਾਜਪਾ ਦੇ ਆਗੂ ਤੇ ਆਯੁੱਧਿਆ ਦੇ ਮੇਅਰ ਹਨ।

ਸੁਰਜੇਵਾਲਾ ਨੇ ਕਿਹਾ ਕਿ 18 ਮਾਰਚ 2021 ਨੂੰ ਸ਼ਾਮ 7.10 ਤੋਂ 7.15 ਵਜੇ ਸਿਰਫ ਪੰਜ ਮਿੰਟਾਂ 'ਚ ਰਜਿਸਟਰਡ ਦੋਵੇਂ ਕਾਗਜ਼ਾਤਾਂ 'ਚ ਰਾਮ ਮੰਦਰ ਨਿਰਮਾਣ ਲਈ ਖ਼ਰੀਦੀ ਜਾ ਰਹੀ ਜ਼ਮੀਨ ਦੀ ਕੀਮਤ ਦੋ ਕਰੋੜ ਤੋਂ ਵਧ ਕੇ 18.5 ਕਰੋੜ ਰੁਪਏ ਹੋ ਜਾਂਦੀ ਹੈ। ਇਸ ਦਾ ਭੁਗਤਾਨ ਉਸ ਰਾਸ਼ੀ 'ਚੋਂ ਕੀਤਾ ਗਿਆ ਜੋ ਕਰੋੜਾਂ ਭਾਰਤੀਆਂ ਨੇ ਮੰਦਰ ਨਿਰਮਾਣ ਲਈ ਦਿੱਤੀ ਸੀ। ਸਪੱਸ਼ਟ ਹੈ ਕਿ ਇਸ ਹੇਰਾਫੇਰੀ ਦੀ ਜਾਣਕਾਰੀ ਟਰੱਸਟ ਦੇ ਟਰੱਸਟੀਆਂ ਨੂੰ ਸੀ। ਹੈਰਾਨ ਕਰਨ ਵਾਲੀ ਇਹ ਵੀ ਹੈ ਕਿ ਰਵੀ ਮੋਹਨ ਤਿਵਾੜੀ ਤੇ ਸੁਲਤਾਨ ਅੰਸਾਰੀ ਵੱਲੋਂ ਜ਼ਮੀਨ ਖ਼ਰੀਦਣ ਲਈ ਸਟੈਂਪ ਡਿਊਟੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਹੀ ਟਰੱਸਟ ਵੱਲੋਂ ਸਟੈਂਪ ਜਮ੍ਹਾਂ ਕਰਵਾ ਦਿੱਤੀ ਗਈ।