ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਵੱਲੋਂ ਟਿਕਟਾਕ ਐਪ 'ਤੇ ਪਾਬੰਦੀ ਲਈ ਕੇਂਦਰ ਸਰਕਾਰ ਨੂੰ ਦਿੱਤੇ ਗਏ ਆਦੇਸ਼ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਐਪ 'ਤੇ ਅਸ਼ਲੀਲ ਸਮੱਗਰੀ ਪਰੋਸਣ ਦਾ ਦੋਸ਼ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦਾ ਪਾਬੰਦੀ ਦਾ ਸਿਰਫ਼ ਅੰਤਿ੍ਮ ਆਦੇਸ਼ ਹੈ। ਉੱਥੇ ਇਸ ਮੁੱਦੇ 'ਤੇ ਮੰਗਲਵਾਰ (16 ਅਪ੍ਰੈਲ) ਨੂੰ ਸੁਣਵਾਈ ਪ੍ਰਸਤਾਵਿਤ ਹੈ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਸੰਜੀਵ ਖੰਨਾ ਦੇ ਬੈਂਚ ਨੇ ਕਿਹਾ ਕਿ ਹੁਣ ਇਸ ਮਾਮਲੇ 'ਤੇ 22 ਅਪ੍ਰੈਲ ਨੂੰ ਵਿਚਾਰ ਕੀਤਾ ਜਾਵੇਗਾ। ਚੀਨੀ ਕੰਪਨੀ ਬਾਈਟਡਾਂਸ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਕਰੋੜਾਂ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। ਇਸ ਮਾਮਲੇ 'ਚ ਮਦਰਾਸ ਹਾਈ ਕੋਰਟ ਨੇ ਇਕਪਾਸੜ ਆਦੇਸ਼ ਦਿੱਤਾ ਹੈ। ਇੱਥੋਂ ਤਕ ਕਿ ਨੋਟਿਸ ਤਕ ਜਾਰੀ ਨਹੀਂ ਕੀਤਾ ਗਿਆ। ਇਸ 'ਤੇ ਬੈਂਚ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਖ਼ਤਮ ਕਰ ਰਹੇ ਹਾਂ। ਹਾਈ ਕੋਰਟ 'ਚ ਇਸ ਦੀ ਸੁਣਵਾਈ ਹੋਣ ਦਿਓ। ਜ਼ਿਕਰਯੋਗ ਹੈ ਕਿ ਤਿੰਨ ਅਪ੍ਰਰੈਲ ਨੂੰ ਹਾਈ ਕੋਰਟ ਨੇ ਟਿਕਟਾਕ ਐਪ 'ਤੇ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਪਰੋਸਣ ਦੀ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਨੂੰ ਇਸ 'ਤੇ ਪਾਬੰਦੀ ਲਾਉਣ ਦਾ ਆਦੇਸ਼ ਦਿੱਤਾ ਸੀ।