ਨਵੀਂ ਦਿੱਲੀ (ਏਜੰਸੀ) : ਕਰਨਾਟਕ ਦੇ ਅਯੋਗ ਠਹਿਰਾਏ ਗਏ 17 ਵਿਧਾਇਕਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜਸਟਿਸ ਐੱਮਐੱਮ ਸ਼ਾਂਤਨਾਗੌਦਰ ਨੇ ਮੰਗਲਵਾਰ ਨੂੰ ਖ਼ੁਦ ਨੂੰ ਵੱਖ ਕਰ ਲਿਆ। ਵਿਧਾਇਕਾਂ ਨੇ ਅਯੋਗ ਠਹਿਰਾਉਣ ਦੇ ਤੱਤਕਾਲੀ ਵਿਧਾਨ ਸਭਾ ਸਪੀਕਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਬੈਂਚ ਨੇ ਮਾਮਲੇ 'ਤੇ ਸੁਣਵਾਈ ਦੀ ਤਰੀਕ 23 ਸਤੰਬਰ ਤੈਅ ਕੀਤੀ ਹੈ।

ਪਟੀਸ਼ਨ ਸੁਣਵਾਈ ਲਈ ਜਸਟਿਸ ਐੱਨਵੀ ਰਮੰਨਾ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਦੇ ਸਾਹਮਣੇ ਆਈ ਸੀ। ਇਸ 'ਚ ਜਸਟਿਸ ਸ਼ਾਂਤਨਾਗੌਦਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਸ਼ੁਰੂਆਤ 'ਚ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ 'ਚ ਮੈਂ ਸ਼ਾਮਿਲ ਨਹੀਂ ਹੋ ਰਿਹਾ। ਹਾਲਾਂਕਿ ਸੀਨੀਅਰ ਵਕੀਲ ਮੁਕੁਲ ਰੋਹਤਗੀ ਤੇ ਕਪਿਲ ਸਿੱਬਲ ਨੇ ਜਸਟਿਸ ਸ਼ਾਂਤਨਾਗੌਦਰ ਨੂੰ ਬਣੇ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਵਿਧਾਇਕਾਂ ਦੀਆਂ ਪਟੀਸ਼ਨਾਂ ਨੂੰ ਸੂਚੀਬੱਧ ਕਰਨ ਸਬੰਧੀ ਕੋਈ ਵੀ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਤੱਤਕਾਲੀ ਸਪੀਕਰ ਕੇਆਰ ਰਮੇਸ਼ ਕੁਮਾਰ ਨੇ ਉਨ੍ਹਾਂ 17 ਵਿਧਾਇਕਾਂ ਨੂੰ ਅਯੋਗ ਐਲਾਨ ਦਿੱਤਾ ਸੀ, ਜਿਨ੍ਹਾਂ ਕਾਰਨ ਤੱਤਕਾਲੀ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦੀ ਜੇਡੀਐੱਸ-ਕਾਂਗਰਸ ਗਠਜੋੜ ਸਰਕਾਰ ਡਿੱਗ ਗਈ ਸੀ। ਇਸ ਤੋਂ ਬਾਅਦ ਉੱਥੇ ਬੀਐੱਸ ਯੇਦੀਯੁਰੱਪਾ ਦੀ ਅਗਵਾਈ 'ਚ ਭਾਜਪਾ ਦੀ ਸਰਕਾਰ ਬਣੀ।