ਨਵੀਂ ਦਿੱਲੀ: ਵਿਵੇਕ ਓਬਰਾਏ ਸਟਾਰਰ ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ 'ਪੀਐੱਮ ਨਰਿੰਦਰ ਮੋਦੀ' ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਬੰਦ ਕਮਰੇ 'ਚ ਫ਼ਿਲਮ ਦੇਖੇ ਅਤੇ ਫਿਰ ਆਪਣਾ ਫ਼ੈਸਲਾ ਦੇਵੇ। ਸਰਬਉੱਚ ਅਦਾਲਤ ਨੇ ਕਮਿਸ਼ਨ ਨੂੰ 22 ਅਪ੍ਰੈਲ ਤਕ ਆਪਣਾ ਜਵਾਬ ਦਾਖ਼ਲ ਕਰਨ ਦੇ ਵੀ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਫ਼ਿਲਮ ਪ੍ਰੋਡਿਊਸਰਜ਼ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਕਮਿਸ਼ਨ ਨੇ ਇਸ ਫ਼ਿਲਮ 'ਤੇ ਕੁਝ ਦਿਨ ਪਹਿਲਾਂ ਹੀ ਰੋਕ ਲਗਾ ਦਿੱਤੀ ਸੀ। ਦਰਅਸਲ ਸੁਪਰੀਮ ਕੋਰਟ ਨੇ ਇਸ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਮਾਮਲਾ ਚੋਣ ਕਮਿਸ਼ਨ ਨੂੰ ਸੌਂਪ ਦਿੱਤਾ ਸੀ।

ਇੰਨਾ ਹੀ ਨਹੀਂ ਚੋਣ ਕਮਿਸ਼ਨ ਨੇ ਨਮੋ ਟੀਵੀ 'ਤੇ ਵੀ ਰੋਕ ਲਗਾ ਦਿੱਤੀ ਸੀ। ਕਮਿਸ਼ਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਬਾਇਓਪਿਕ ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾਉਣ ਦਾ ਹੁਕਮ ਨਮੋ ਟੀਵੀ 'ਤੇ ਵੀ ਲਾਗੂ ਹੁੰਦਾ ਹੈ, ਜਿਸ ਨੂੰ ਚੋਣਾਂ ਦੌਰਾਨ ਪ੍ਰਸਾਰਿਤ ਵੀ ਨਹੀਂ ਕੀਤਾ ਜਾ ਸਕਦਾ ਹੈ।

Posted By: Akash Deep