ਨਵੀਂ ਦਿੱਲੀ (ਪੀਟੀਆਈ) : ਸਰਹੱਦ 'ਤੇ ਚੱਲ ਰਹੇ ਤਣਾਅ ਵਿਚਾਲੇ ਚੀਨ ਵੱਲੋਂ ਇਕ ਚੰਗੀ ਖ਼ਬਰ ਇਹ ਆਈ ਹੈ ਕਿ ਉਸ ਨੇ ਭਾਰਤ ਨਾਲ ਨਿਰਧਾਰਤ ਤਰੀਕ ਤੋਂ 10 ਦਿਨ ਪਹਿਲਾਂ ਹੀ ਸਤਲੁਜ ਦਰਿਆ ਦੇ ਪਾਣੀ ਦਾ ਹਾਈਡ੍ਰੋਲਾਜੀਕਲ ਡਾਟਾ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮੌਨਸੂਨ ਦੌਰਾਨ ਅੰਕੜੇ ਸਾਂਝੇ ਕਰਨ ਦੀ ਇਹ ਪ੍ਰਕਿਰਿਆ ਹਰ ਸਾਲ ਚੱਲਦੀ ਹੈ ਅਤੇ ਉੱਤਰੀ ਭਾਰਤ ਵਿਚ ਹੜ੍ਹ ਦੇ ਸਬੰਧ ਵਿਚ ਇਸ ਤੋਂ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ।

ਦਰਅਸਲ ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਮੁਤਾਬਕ, ਚੀਨ ਬ੍ਰਹਮਪੁੱਤਰ ਅਤੇ ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਅਤੇ ਇਸ ਦੇ ਪ੍ਰਵਾਹ ਸਬੰਧੀ ਅੰਕੜੇ ਕ੍ਰਮਵਾਰ 15 ਮਈ ਅਤੇ ਪਹਿਲੀ ਜੂਨ ਤੋਂ ਅਕਤੂਬਰ ਦੇ ਅੰਤ ਤਕ ਸਾਂਝਾ ਕਰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਸਬੰਧ ਵਿਚ ਚੀਨ ਤਸਾਡਾ ਕੇਂਦਰ ਤੋਂ ਪ੍ਰਾਪਤ ਅੰਕੜੇ ਸਾਂਝੇ ਕਰਦਾ ਹੈ। ਇਸ ਦਰਿਆ ਨੂੰ ਚੀਨ ਵਿਚ ਲਾਂਗਕੇਨ ਜਾਂਗਬੋ ਨਾਂ ਤੋਂ ਜਾਣਿਆ ਜਾਂਦਾ ਹੈ। ਸਿੰਧੂ ਦੇ ਮਹੱਤਵਪੂਰਨ ਸਹਾਇਕ ਦਰਿਆ ਸਤਲੁਜ ਦੀ ਸ਼ੁਰੂਆਤ ਤਿੱਬਤ 'ਚੋਂ ਹੁੰਦੀ ਹੈ ਅਤੇ ਇਹ ਹਿਮਾਚਲ ਪ੍ਰਦੇਸ਼ ਤੋਂ ਭਾਰਤ ਵਿਚ ਦਾਖ਼ਲ ਹੁੰਦਾ ਹੈ। ਇਸ ਸਾਲ ਚੀਨ ਨੇ ਤੈਅ ਸਮੇਂ ਤੋਂ ਕਰੀਬ 10 ਦਿਨ ਪਹਿਲਾਂ 18-19 ਮਈ ਤੋਂ ਹੀ ਅੰਕੜੇ ਸਾਂਝੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਦੀ ਪੂਰਬੀ ਅਤੇ ਉੱਤਰੀ ਸਰਹੱਦ 'ਤੇ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਾ ਹਾਲ ਵਿਚ ਟਕਰਾਅ ਹੋਇਆ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਹਰ ਸਾਲ ਬਾਰਿਸ਼ ਦੇ ਮੌਸਮ ਵਿਚ ਚੀਨ ਸਤਲੁਜ 'ਚ ਪਾਣੀ ਦੀ ਮਾਤਰਾ ਅਤੇ ਉਸ ਦੇ ਪ੍ਰਵਾਹ ਨਾਲ ਜੁੜੇ ਅੰਕੜੇ ਸਾਂਝਾ ਕਰਦਾ ਹੈ। ਭਾਰਤ ਲਈ ਇਨ੍ਹਾਂ ਅੰਕੜਿਆਂ ਦੀ ਕਾਫ਼ੀ ਅਹਿਮੀਅਤ ਹੈ, ਕਿਉਂਕਿ ਇਸ ਦੇ ਮਾਧਿਅਮ ਨਾਲ ਉੱਤਰ ਅਤੇ ਉੱਤਰ-ਪੂਰਬ ਦੇ ਸੂਬਿਆਂ ਵਿਚ ਹੜ੍ਹ ਦੇ ਖ਼ਦਸ਼ੇ ਆਦਿ ਦਾ ਅਨੁਮਾਨ ਲਾਇਆ ਜਾਂਦਾ ਹੈ। ਅੰਕੜੇ ਸਾਂਝੇ ਕਰਨ ਤੋਂ ਪਹਿਲਾਂ ਦੋਵੇਂ ਦੇਸ਼ ਇਹ ਦੇਖਦੇ ਹਨ ਕਿ ਕੀ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰ ਰਹੀ ਹੈ। ਬ੍ਰਹਮਪੁੱਤਰ ਦਰਿਆ ਲਈ ਅੰਕੜਾ ਸਾਂਝਾ ਕਰਨ ਦੀ ਪ੍ਰਕਿਰਿਆ 15 ਮਈ ਤੋਂ ਸ਼ੁਰੂ ਹੋਈ ਸੀ। ਦੱਸਣਯੋਗ ਹੈ ਕਿ ਸਾਲ 2017 ਵਿਚ ਚੀਨ ਨੇ ਭਾਰਤ ਨਾਲ ਇਹ ਕਹਿੰਦੇ ਹੋਏ ਡਾਟਾ ਸ਼ੇਅਰ ਕਰਨਾ ਬੰਦ ਕਰ ਦਿੱਤਾ ਸੀ ਕਿ ਹੜ੍ਹ ਕਾਰਨ ਹਾਈਡ੍ਰੋਲਾਜੀਕਲ ਡਾਟਾ ਨਸ਼ਟ ਹੋ ਗਿਆ ਹੈ। ਬਾਅਦ ਵਿਚ ਉਸ ਨੇ 2018 ਤੋਂ ਫਿਰ ਤੋਂ ਡਾਟਾ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।