ਜੇਐੱਨਐੱਨ, ਨਵੀਂ ਦਿੱਲੀ : ਦੈਨਿਕ ਜਾਗਰਣ ਦੇ ਮੁੱਖ ਸੰਪਾਦਕ ਸੰਜੇ ਗੁਪਤ ਨੂੰ ਪ੍ਰਸਾਰ ਭਾਰਤੀ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ। ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 22 ਨਵੰਬਰ 2025 ਤਕ ਰਹੇਗਾ। ਇਹ ਜਾਣਕਾਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਇਕ ਆਦੇਸ਼ 'ਚ ਦਿੱਤੀ ਗਈ ਹੈ।

ਆਕਾਸ਼ਬਾਣੀ ਤੇ ਦੂਰਦਰਸ਼ਨ 'ਤੇ ਕੰਟਰੋਲ ਰੱਖਣ ਵਾਲੀ ਪ੍ਰਸਾਰ ਭਾਰਤੀ ਬੋਰਡ 'ਚ ਹਾਲ 'ਚ ਹੀ ਪੰਜ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਸੰਜੇ ਗੁਪਤ ਤੋਂ ਇਲਾਵਾ ਹੋਰਨਾਂ ਮੈਂਬਰਾਂ 'ਚ ਸਲੀਮ ਮਰਚੈਂਟ, ਆਲੋਕ ਅਗਰਵਾਲ, ਸਾਇਨਾ ਐਨਸੀ ਤੇ ਅਸ਼ੋਕ ਕੁਮਾਰ ਟੰਡਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਕਾਰਜਕਾਲ ਵੱਖੋ-ਵੱਖਰਾ ਹੈ। ਸਲੀਮ ਮਰਚੈਂਟ 22 ਨਵੰਬਰ 2021, ਆਲੋਕ ਅਗਰਵਾਲ ਤੇ ਸਾਇਨਾ ਐਨਸੀ 21 ਨਵੰਬਰ 2023 ਤੇ ਅਸ਼ੋਕ ਕੁਮਾਰ ਟੰਡਨ 22 ਨਵੰਬਰ 2025 ਤਕ ਬੋਰਡ ਦੇ ਮੈਂਬਰ ਰਹਿਣਗੇ। ਟੰਡਨ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ। ਉਥੇ ਸਲੀਮ ਮਰਚੈਂਟ ਸੰਗੀਤਕਾਰ, ਸਾਇਨਾ ਐਨਸੀ ਭਾਜਪਾ ਬੁਲਾਰਾ ਤੇ ਆਲੋਕ ਅਗਰਵਾਲ ਮੀਡੀਆ ਜਗਤ ਨਾਲ ਜੁੜੇ ਰਹੇ ਹਨ।

ਪ੍ਰਸਾਰ ਭਾਰਤੀ ਇਕ ਖੁਦਮੁਖਤਾਰ ਸੰਗਠਨ ਹੈ। ਇਹ ਦੂਰਦਰਸ਼ਨ ਤੇ ਆਕਾਸ਼ਬਾਣੀ ਦੇ ਪ੍ਰਸ਼ਾਸਨਿਕ ਕੰਮਕਾਜ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੇ ਬੋਰਡ 'ਚ ਹਾਲੇ ਤਕ 13 ਵਿਚੋਂ ਨੌਂ ਅਹੁਦੇ ਖਾਲੀ ਸਨ। ਇਨ੍ਹਾਂ ਖਾਲੀ ਅਹੁਦਿਆਂ 'ਤੇ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।