ਨਵੀਂ ਦਿੱਲੀ (ਪੀਟੀਆਈ) : ਦਿੱਲੀ 'ਚ ਇਕ ਹਫ਼ਤੇ ਦੇ ਲਾਕਡਾਊਨ ਦੇ ਐਲਾਨ ਤੋਂ ਬਾਅਦ ਰੇਲਵੇ ਨੇ ਦਿੱਲੀ ਦੇ ਸਾਰੇ ਪ੍ਰਮੁੱਖ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਫ਼ੌਰੀ ਤੌਰ 'ਤੇ ਰੋਕ ਦਿੱਤੀ ਹੈ। ਮੰਡਲ ਰੇਲਵੇ ਪ੍ਰਬੰਧਕ (ਡੀਆਰਐੱਮ) ਆਰਐੱਨ ਸਿੰਘ ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਪ੍ਰਮੁੱਖ ਸਟੇਸ਼ਨਾਂ ਵਿਚ ਨਵੀਂ ਦਿੱਲੀ, ਪੁਰਾਣੀ ਦਿੱਲੀ, ਹਜ਼ਰਤ ਨਿਜਾਮੂਦੀਨ, ਆਨੰਦ ਵਿਹਾਰ ਟਰਮੀਨਲ ਆਦਿ ਸ਼ਾਮਲ ਹਨ। ਉਥੇ, ਰੇਲਵੇ ਦੇ ਬੁਲਾਰੇ ਡੀਜੇ ਨਾਰਾਇਣ ਨੇ ਸਪਸ਼ਟ ਕੀਤਾ ਕਿ ਜਿਹੜੀਆਂ ਟ੍ਰੇਨਾਂ ਪਹਿਲਾਂ ਤੋਂ ਚੱਲ ਰਹੀਆਂ ਹਨ, ਉਨ੍ਹਾਂ ਦਾ ਸੰਚਾਲਨ ਜਾਰੀ ਰਹੇਗਾ ਅਤੇ ਰੇਲਵੇ ਹਰ ਯਾਤਰੀ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਏਗਾ।