ਜੇਐੱਨਐੱਨ, ਨਵੀਂ ਦਿੱਲੀ : ਸਾਹਿਤ ਅਕਾਦਮੀ ਨੇ ਸ਼ੁੱਕਰਵਾਰ ਨੂੰ ਬਾਲ ਤੇ ਯੁਵਾ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਲਈ ਯਾਦਵਿੰਦਰ ਸੰਧੂ ਨੂੰ ਯੁਵਾ ਪੁਰਸਕਾਰ ਤੇ ਪਵਨ ਹਰਚਾਂਦਪੁਰੀ ਨੂੰ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਗਿਆ ਹੈ।

ਚੋਣ ਕਮੇਟੀ ਵੱਲੋਂ ਸਿਫ਼ਾਰਸ਼ ਕੀਤੇ ਨਾਵਾਂ ਨੂੰ ਸ਼ੁੱਕਰਵਾਰ ਨੂੰ ਅਗਰਤਲਾ 'ਚ ਸਾਹਿਤ ਅਕਾਦਮੀ ਦੇ ਮੁਖੀ ਡਾ. ਚੰਦਰਸ਼ੇਖਰ ਕੰਬਾਰ ਦੀ ਪ੍ਰਧਾਨਗੀ 'ਚ ਕਾਰਜਕਾਰੀ ਮੰਡਲ ਨੇ ਮਨਜ਼ੂਰੀ ਦਿੱਤੀ। ਯੁਵਾ ਪੁਰਸਕਾਰ ਤਹਿਤ ਹਿੰਦੀ ਤੇ ਪੰਜਾਬੀ ਸਮੇਤ 23 ਭਾਸ਼ਾਵਾਂ 'ਚ 11 ਕਵਿਤਾ ਸੰਗ੍ਹਿ, ਛੇ ਕਹਾਣੀ ਸੰਗ੍ਰਹਿ, ਪੰਜ ਨਾਵਲ ਤੇ ਸਾਹਿਤਕ ਆਲੋਚਨਾ ਦੀ ਪੁਸਤਕਾਂ ਨੂੰ ਪੁਰਸਕਾਰ ਦਿੱਤੇ ਜਾਣਗੇ। ਇਸ ਤਹਿਤ ਹਿੰਦੀ ਭਾਸ਼ਾ 'ਚ ਕਵਿਤਾ ਸੰਗ੍ਰਹਿ 'ਬਾਘ ਤੇ ਸੁਗਨਾ ਮੁੰਡਾ ਕੀ ਬੇਟੀ' ਲਈ ਅਨੁਜ ਲਗੂਨ, ਪੰਜਾਬੀ ਨਾਵਲ 'ਵਕਤ ਬੀਤਿਆ ਨਹੀਂ' ਲਈ ਯਾਦਵਿੰਦਰ ਸਿੰਘ ਸੰਧੂ ਤੇ ਉਰਦੂ 'ਚ ਨਾਵਲ 'ਲਫ਼ਜ਼ੋਂ ਕੇ ਲਹੂ' ਲਈ ਸਲਾਮ ਅਬਦੁਸ ਸਮੇਤ ਸਮੇਤ ਹੋਰ ਭਾਸ਼ਾਵਾਂ ਨੂੰ ਯੁਵਾ ਸਾਹਿਤ ਪੁਰਸਕਾਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ 22 ਲੇਖਕਾਂ ਦੀ ਬਾਲ ਸਾਹਿਤ ਪੁਰਸਕਾਰ ਲਈ ਸਿਫ਼ਾਰਸ਼ ਕੀਤੀ ਗਈ ਸੀ। ਇਸ ਤਹਿਤ ਹਿੰਦੀ ਕਹਾਣੀ 'ਕਾਚੂ ਕੀ ਟੋਪੀ' ਲਈ ਗੋਵਿੰਦ ਸ਼ਰਮਾ ਨੂੰ ਬਾਲ ਸਾਹਿਤ ਪੁਰਸਕਾਰ ਦਿੱਤਾ ਜਾਵੇਗਾ। ਇਸ ਤਹਿਤ ਅੰਗਰੇਜ਼ੀ ਪੁਸਤਕ 'ਇੰਡੀਆ ਥਰੂ ਆਰਕੇਲਾਜੀ : ਐਕਵੇਟਿੰਗ ਹਿਸਟਰੀ (ਇਤਿਹਾਸ) ਲਈ ਦੇਵਿਕਾ ਕਾਰਿਅੱਪਾ, ਪੰਜਾਬੀ ਨਾਵਲ 'ਏਨੀਅਨਸ ਦੀ ਧਰਤੀ 'ਚ' ਲਈ ਪਵਨ ਹਰਚਾਂਦਪੁਰੀ ਤੇ ਉਰਦੂ ਕਹਾਣੀ 'ਸਾਇੰਸ ਦੇ ਦਿਲਚਸਪ ਮਜਾਮੀਨ' ਲਈ ਮੁਹੰਮਦ ਖਲੀਲ ਸਮੇਤ ਹੋਰ ਲੇਖਕਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ।

ਇਹ ਪੁਰਸਕਾਰ 14 ਨਵੰਬਰ 2019 ਨੂੰ ਵਿਸ਼ੇਸ਼ ਸਮਾਗਮ ਦੌਰਾਨ ਦਿੱਤੇ ਜਾਣਗੇ। ਇਸ 'ਚ ਹਰੇਕ ਲੇਖਕ ਨੂੰ ਤਾਮਰ ਪੱਤਰ ਤੇ 50,000 ਰੁਪਏ ਦਾ ਚੈੱਕ ਦਿੱਤਾ ਜਾਵੇਗਾ।

ਕੀ ਹੈ ਬਾਲ ਸਾਹਿਤ ਪੁਰਸਕਾਰ

ਬਾਲ ਸਾਹਿਤ ਪੁਰਸਕਾਰ ਉਨ੍ਹਾਂ ਪੁਸਤਕਾਂ ਨਾਲ ਸਬੰਧਤ ਹੈ ਜਿਹੜੀਆਂ ਇਕ ਜਨਵਰੀ 2013 ਤੋਂ 31 ਦਸੰਬਰ 2017 ਵਿਚਕਾਰ ਪਹਿਲੀ ਵਾਰੀ ਪ੍ਰਕਾਸ਼ਿਤ ਹੋਈਆਂ ਹੋਣ।

ਕੀ ਹੈ ਯੁਵਾ ਸਾਹਿਤ ਪੁਰਸਕਾਰ

ਯੁਵਾ ਸਾਹਿਤ ਪੁਰਸਕਾਰ ਉਨ੍ਹਾਂ ਲੇਖਕਾਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਉਮਰ ਇਕ ਜਨਵਰੀ 2019 ਨੂੰ 35 ਸਾਲ ਜਾਂ ਉਸ ਤੋਂ ਘੱਟ ਹੈ।