ਜੇਐੱਨਐੱਨ, ਨਵੀਂ ਦਿੱਲੀ : ਪਹਿਲਵਾਨ ਸਾਗਰ ਧਨਖੜ ਹੱਤਿਆ ਕਾਂਡ ਵਿਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਕ ਹੋਰ ਪਹਿਲਵਾਨ ਸੁਰਜੀਤ ਗਰੇਵਾਲ ਨੂੰ ਗਿ੍ਫਤਾਰ ਕੀਤਾ ਹੈ। ਸੁਰਜੀਤ ਨੂੰ ਹਰਿਆਣਾ ਦੇ ਭਿਵਾਨੀ ਸਥਿਤ ਉਸ ਦੇ ਜੱਦੀ ਪਿੰਡ ਬਾਮਲਾ ਤੋਂ ਗਿ੍ਫਤਾਰ ਕੀਤਾ ਗਿਆ। ਸੁਸ਼ੀਲ ਕੁਮਾਰ ਦੇ ਨਜ਼ਦੀਕੀ ਸੁਰਜੀਤ 'ਤੇ ਪੁਲਿਸ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਡੀਸੀਪੀ ਸਪੈਸ਼ਲ ਸੈੱਲ ਸੰਜੀਵ ਕੁਮਾਰ ਯਾਦਵ ਮੁਤਾਬਕ ਸਾਗਰ ਧਨਖੜ ਹੱਤਿਆ ਕਾਂਡ ਵਿਚ ਹਾਲੇ ਤਕ ਸੁਸ਼ੀਲ ਕੁਮਾਰ ਸਮੇਤ 13 ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਜਾ ਚੁਕਾ ਹੈ। ਸੁਰਜੀਤ ਗਰੇਵਾਲ, ਪ੍ਰਵੀਨ ਡਬਾਸ, ਪ੍ਰਵੀਨ ਉਰਫ ਛੋਟੀ, ਜੋਗਿੰਦਰ ਉਰਫ ਕਾਲਾ, ਰਾਹੁਲ ਘਾਡਾ ਤੇ ਅਨਿਲ ਧੀਮਾਨ ਫ਼ਰਾਰ ਸਨ। ਇਨ੍ਹਾਂ ਖ਼ਿਲਾਫ਼ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। 21 ਜੁਲਾਈ ਨੂੰ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਸੁਰਜੀਤ ਘਰ ਪਹੁੰਚ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਦਬੋਚ ਲਿਆ।