ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਤਾਂ ਸਿਰਫ਼ ਕੁਝ ਘੰਟਿਆਂ ਲਈ ਹੀ ਹੋਵੇਗੀ ਪਰ ਇਹ ਭਾਰਤ ਤੇ ਰੂਸ ਦੇ ਦੁਵੱਲੇ ਰਿਸ਼ਤਿਆਂ ਨੂੰ ਕਾਫ਼ੀ ਗੂੜ੍ਹੇ ਕਰ ਜਾਵੇਗੀ। ਪੁਤਿਨ ਤੇ ਪੀਐੱਮ ਨਰਿੰਦਰ ਮੋਦੀ ਦਰਮਿਆਨ ਕੁਝ ਦੇਰ ਇਕੱਲੇ ’ਚ ਵੀ ਗੱਲਬਾਤ ਹੋਵੇਗੀ ਤੇ ਇਨ੍ਹਾਂ ਦੋਵਾਂ ਦੀ ਅਗਵਾਈ ’ਚ ਭਾਰਤ-ਰੂਸ 21ਵਾਂ ਸਾਲਾਨਾ ਸਿਖ਼ਰ ਸੰਮੇਲਨ ਵੀ ਹੋਵੇਗਾ। ਸੰਮੇਲਨ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਊਰਜਾ, ਤਕਨੀਕ, ਪੁਲਾੜ, ਕਾਰੋਬਾਰ ਜਿਹੇ ਪੰਜ ਅਹਿਮ ਖੇਤਰਾਂ ’ਚ 10 ਅਹਿਮ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਜਾਣਗੇ। ਦੋਵਾਂ ਵੱਲੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਮਝੌਤੇ ਬਦਲਦੇ ਵਿਸ਼ਵ ਭੂ-ਸਿਆਸੀ ਹਾਲਾਤ ’ਚ ਭਾਰਤ ਤੇ ਰੂਸ ਦਰਮਿਆਨ ਆਪਸੀ ਸਹਿਯੋਗ ਨੂੰ ਵਿਆਪਕ ਵਿਸਥਾਰ ਦੇਣ ਵਾਲੇ ਸਾਬਿਤ ਹੋਣਗੇ।

ਸੂਤਰਾਂ ਮੁਤਾਬਕ ਕੋਰੋਨਾ ਤੇ ਯੂਕ੍ਰੇਨ ਸੰਕਟ ਦੀ ਗੰਭੀਰ ਸਥਿਤੀ ਦੇ ਬਾਵਜੂਦ ਪੁਤਿਨ ਨੇ ਨਵੀਂ ਦਿੱਲੀ ਆਉਣ ਦਾ ਫ਼ੈਸਲਾ ਕਰ ਕੇ ਸਾਫ਼ ਸੰਕੇਤ ਦਿੱਤਾ ਹੈ ਕਿ ਭਾਰਤ ਨਾਲ ਰੂਸ ਦੀ ਪੁਰਾਣੀ ਦੋਸਤੀ ਅੱਗੇ ਵੀ ਇਸੇ ਤਰ੍ਹਾਂ ਬਣੀ ਰਹੇਗੀ। ਸੰਭਵ ਹੈ ਕਿ ਘਰੇਲੂ ਸੰਕਟ ਦੀ ਵਜ੍ਹਾ ਨਾਲ ਹੀ ਪੁਤਿਨ ਨੇ ਸਿਰਫ਼ ਕੁਝ ਘੰਟੇ ਭਾਰਤ ’ਚ ਗੁਜ਼ਾਰਨ ਦਾ ਫ਼ੈਸਲਾ ਕੀਤਾ ਹੈ, ਪਰ ਉਨ੍ਹਾਂ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਇਕ ਦਿਨ ਪਹਿਲਾਂ ਭਾਰਤ ਪਹੁੰਚਣਗੇ।

ਸੋਮਵਾਰ ਦੀ ਸਵੇਰ ਸ਼ੋਇਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ’ਚ ਸੈਨਿਕ ਤਕਨੀਕ ਸਹਿਯੋਗ ਦੀ ਬੈਠਕ ਹੋਵੇਗੀ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਕੂਟਨੀਤਕ ਤੇ ਭੂ-ਸਿਆਸੀ ਹਾਲਾਤ ’ਤੇ ਵੱਖ ਤੋਂ ਚਰਚਾ ਕਰਨਗੇ। ਇਨ੍ਹਾਂ ਬੈਠਕਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਪਹਿਲੀ ਟੂ ਪਲੱਸ ਟੂ ਵਾਰਤਾ ਹੋਵੇਗੀ ਜਿਸ ’ਚ ਦੋਵੇਂ ਰੱਖਿਆ ਮੰਤਰੀ ਤੇ ਦੋਵੇਂ ਵਿਦੇਸ਼ ਮੰਤਰੀ ਅਗਵਾਈ ਕਰਨਗੇ।

ਰਿਸ਼ਤਿਆਂ ’ਚ ਨਰਮੀ ਦੇ ਕਿਆਸਾਂ ਨੂੰ ਖ਼ਤਮ ਕਰੇਗੀ ਯਾਤਰਾ

ਪੁਤਿਨ ਦੀ ਇਹ ਯਾਤਰਾ ਭਾਰਤ ਤੇ ਰੂਸ ਦੇ ਰਵਾਇਤੀ ਰਿਸ਼ਤਿਆਂ ’ਚ ਢਲਾਣ ਆਉਣ ਦੇ ਕਿਆਸਾਂ ਨੂੰ ਵੀ ਖ਼ਤਮ ਕਰਨ ਵਾਲੀ ਸਾਬਿਤ ਹੋਵੇਗੀ। ਪੁਤਿਨ ਵੱਲੋਂ ਦਸੰਬਰ 2019 ਦੀ ਪ੍ਰਸਤਾਵਿਤ ਯਾਤਰਾ ਨੂੰ ਟਾਲਣਾ, ਲਾਵਰੋਵ ਦਾ ਬਤੌਰ ਰੂਸ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਪਾਕਿਸਤਾਨ ਜਾਣਾ, ਕੌਮਾਂਤਰੀ ਮੰਚਾਂ ’ਤੇ ਚੀਨ ਨੂੰ ਮਦਦ, ਅਮਰੀਕਾ ਨਾਲ ਭਾਰਤ ਦੀਆਂ ਵਧਦੀਆਂ ਨਜ਼ਦੀਕੀਆਂ, ਕਵਾਡ ਦੀ ਸਥਾਪਨਾ ਆਦਿ ਦੇ ਚਲਦੇ ਕਈ ਮਾਹਿਰਾਂ ਨੇ ਇਹ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਤੇ ਰੂਸ ਦਰਮਿਆਨ ਰਿਸ਼ਤਿਆਂ ’ਚ ਹੁਣ ਪੁਰਾਣੀ ਗਰਮਾਹਟ ਨਹੀਂ ਰਹੇਗੀ। ਦੋਵਾਂ ਦੇਸ਼ਾਂ ਦੇ ਅਧਿਕਾਰੀ ਦੁਵੱਲੇ ਸਮਝੌਤਿਆਂ ਦੇ ਖਰੜੇ ਨੂੰ ਆਖ਼ਰੀ ਰੂਪ ਦੇਣ ’ਚ ਲੱਗੇ ਹਨ। ਇਸ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਵੱਖ-ਵੱਖ ਤਰ੍ਹਾਂ ਦੀਆਂ 15 ਕਾਰਜ ਕਮੇਟੀਆਂ ਕੰਮ ਕਰ ਰਹੀਆਂ ਹਨ।

ਊਰਜਾ ਖੇਤਰ ’ਤੇ ਹੋਵੇਗੀ ਅਹਿਮ ਚਰਚਾ

ਸੂਤਰਾਂ ਮੁਤਾਬਕ ਪੀਐੱਮ ਮੋਦੀ ਦੀ ਸਤੰਬਰ 2019 ’ਚ ਰੂਸ ਦੇ ਦੂਰ ਦੁਰਾਡੇ ਪੂਰਬੀ ਹਿੱਸੇ ਦੀ ਯਾਤਰਾ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ’ਚ ਊਰਜਾ ਖੇਤਰ ’ਚ ਕਾਫ਼ੀ ਤਰੱਕੀ ਹੋਈ ਹੈ। ਸੋਮਵਾਰ ਨੂੰ ਊਰਜਾ ਖੇਤਰ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਅਹਿਮ ਚਰਚਾ ਵੀ ਹੋਵੇਗੀ ਤੇ ਸਮਝੌਤੇ ਵੀ ਹੋਣਗੇ।

ਪੁਤਿਨ ਦੇ ਦੌਰੇ ’ਤੇ ਅਮਰੀਕਾ ਸਮੇਤ ਗੁਆਂਢੀਆਂ ਦੀ ਵੀ ਨਜ਼ਰ

ਪੁਤਿਨ ਦੇ ਦੌਰੇ ਤੇ ਇਸ ਦੌਰਾਨ ਹੋਣ ਵਾਲੇ ਰੱਖਿਆ ਸਮਝੌਤੇ ’ਤੇ ਗੁਆਂਢੀ ਦੇਸ਼ਾਂ ਚੀਨ ਤੇ ਪਾਕਿਸਤਾਨ ਦੇ ਨਾਲ ਹੀ ਅਮਰੀਕਾ ਦੀ ਵੀ ਨਜ਼ਰ ਰਹੇਗੀ। ਅਮਰੀਕਾ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰ ਕੇ ਭਾਰਤ ਨੇ ਰੂਸ ਤੋਂ ਐਂਟੀ ਮਿਜ਼ਾਈਲ ਸਿਸਟਮ ਐੱਸ-400 ਦੀ ਪਹਿਲੀ ਖੇਪ ਹਾਸਲ ਕਰ ਲਈ ਹੈ। ਦੂਜੀ ਖੇਪ ਅਗਲੇ ਕੁਝ ਹਫ਼ਤਿਆਂ ’ਚ ਆਉਣ ਦੀ ਉਮੀਦ ਹੈ ਜਦਕਿ ਇਸ ਸਿਸਟਮ ਦੀ ਹੋਰ ਖ਼ਰੀਦ ਕਰਨ ਦੀ ਸੰਭਾਵਨਾ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਜਾਰੀ ਹੈ।

Posted By: Jatinder Singh