ਸਬਰੀਮਾਲਾ (ਪੀਟੀਆਈ) : ਸਬਰੀਮਾਲਾ 'ਚ ਭਗਵਾਨ ਅਯੱਪਾ ਮੰਦਰ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ ਹੈ। ਦੋ ਮਹੀਨਿਆਂ ਤਕ ਚੱਲਣ ਵਾਲੇ ਤੀਰਥ ਯਾਤਰਾ ਸੈਸ਼ਨ ਦੇ ਪਹਿਲੇ 20 ਦਿਨਾਂ ਵਿਚ ਹੀ ਮੰਦਰ ਦੀ ਆਮਦਨ 69 ਕਰੋੜ ਰੁਪਏ ਦੇ ਪਾਰ ਪਹੁੰਚ ਚੁੱਕੀ ਹੈ।

ਤੀਰਥ ਸਥਾਨ ਦੀ ਦੇਖਦੇਖ ਕਰਨ ਵਾਲੇ ਤ੍ਰਾਵਣਕੋਰ ਦੇਵਸਵਮ ਬੋਰਡ (ਟੀਡੀਬੀ) ਨੇ ਕਿਹਾ ਹੈ ਕਿ ਛੇ ਦਸੰਬਰ ਤਕ ਮਾਲੀਆ 69.39 ਕਰੋੜ ਰੁਪਏ ਤਕ ਪਹੁੰਚ ਗਿਆ। ਇਹ 2018-19 ਦੇ ਤੀਰਥ ਯਾਤਰਾ ਸੈਸ਼ਨ ਵਿਚ ਇਸ ਮਿਆਦ ਦੇ ਮੁਕਾਬਲੇ 27 ਕਰੋੜ ਰੁਪਏ ਜ਼ਿਆਦਾ ਹੈ।

ਟੀਡੀਬੀ ਮੈਂਬਰ ਵਿਜੈ ਕੁਮਾਰ ਨੇ ਕਿਹਾ ਕਿ ਪਹਿਲਾਂ ਦੇ ਸੈਸ਼ਨ ਵਿਚ ਇਸ ਮਿਆਦ ਦੌਰਾਨ ਮਾਲੀਆ 41.84 ਕਰੋੜ ਰੁਪਏ ਸੀ। ਅਰਵਨਾ ਪ੍ਰਸਾਦਮ ਦੀ ਵਿਕਰੀ 28.26 ਕਰੋੜ ਰੁਪਏ ਤਕ ਪਹੁੰਚ ਚੁੱਕੀ ਹੈ। ਪਹਿਲਾਂ ਦੀ ਮਿਆਦ ਵਿਚ ਇਸ ਮੱਦ ਵਿਚ 4.2 ਕਰੋੜ ਰੁਪਏ ਦੀ ਵਿਕਰੀ ਹੋਈ ਸੀ। ਹੁੰਡੀ ਤੋਂ 23.58 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ।

ਪਿਛਲੇ ਸਾਲ 28 ਸਤੰਬਰ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਾਉਣ ਦੇ ਮਾਕਪਾ ਦੀ ਅਗਵਾਈ ਵਾਲੀ ਖੱਬੇਪੱਖੀ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਮੰਦਰ ਕੰਪਲੈਕਸ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਸੁਪਰੀਮ ਕੋਰਟ ਨੇ ਸਾਰੇ ਵਰਗ ਉਮਰ ਦੀਆਂ ਔਰਤਾਂ ਨੂੰ ਮੰਦਰ ਵਿਚ ਪੂਜਾ ਦੀ ਇਜਾਜ਼ਤ ਦਿੱਤੀ ਹੈ।

ਇਸ ਸਾਲ ਸਰਕਾਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੁਝ ਮਹਿਲਾ ਵਰਕਰਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ।