ਨਵੀਂ ਦਿੱਲੀ, ਬਿਜ਼ਨੈੱਸ ਡੈਸ : ਸ਼ਨੀਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ 'ਤੇ ਕਿਹਾ ਕਿ ਜੇਕਰ ਤੁਸੀਂ ਡਾਲਰ ਦੇ ਮੁਕਾਬਲੇ ਹੋਰ ਮੁਦਰਾਵਾਂ ਦੀ ਤੁਲਨਾ ਕਰੋ ਤਾਂ ਰੁਪਏ ਦੀ ਸਥਿਤੀ ਕਾਫੀ ਬਿਹਤਰ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (RBI) ਅਤੇ ਵਿੱਤ ਮੰਤਰਾਲਾ ਰੁਪਏ 'ਤੇ ਨਜ਼ਰ ਰੱਖ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਡਿੱਗ ਗਈ ਹੈ ਅਤੇ ਇਹ 81 ਦੇ ਪੱਧਰ ਤੋਂ ਹੇਠਾਂ ਖਿਸਕ ਗਿਆ ਹੈ।

ਵਿੱਤ ਮੰਤਰੀ ਦਾ ਬਿਆਨ

ਮਹਾਰਾਸ਼ਟਰ ਦੇ ਪੁਣੇ 'ਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੇਕਰ ਉਹ ਦੁਨੀਆ ਦੀ ਕਿਸੇ ਇਕ ਕਰੰਸੀ ਦੀ ਗੱਲ ਕਰਦੇ ਹਨ, ਜੋ ਆਪਣੇ ਦਮ 'ਤੇ ਖੜ੍ਹੀ ਹੈ ਅਤੇ ਜਿਸ 'ਚ ਦੂਜੀਆਂ ਮੁਦਰਾਵਾਂ ਵਾਂਗ ਜ਼ਿਆਦਾ ਉਤਰਾਅ-ਚੜ੍ਹਾਅ ਦੇਖਣ ਨੂੰ ਨਹੀਂ ਮਿਲਦਾ ਤਾਂ ਉਹ ਭਾਰਤੀ ਰੁਪਇਆ ਹੈ। ਅਸੀਂ ਇਸਦੀ ਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਹੈ ਅਤੇ ਉਸਨੇ ਪੱਤਰਕਾਰਾਂ ਨੂੰ ਡਾਲਰ ਦੇ ਮੁਕਾਬਲੇ ਹੋਰ ਮੁਦਰਾਵਾਂ ਵਿੱਚ ਗਿਰਾਵਟ 'ਤੇ ਨਜ਼ਰ ਮਾਰਨ ਦੀ ਸਲਾਹ ਦਿੱਤੀ।

ਰੁਪਏ 'ਚ ਗਿਰਾਵਟ

ਹਾਲ ਹੀ ਦੇ ਦਿਨਾਂ 'ਚ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਦੇ ਕੇਂਦਰੀ ਬੈਂਕ ਫੇਡ ਨੇ ਮਹਿੰਗਾਈ 'ਤੇ ਕਾਬੂ ਪਾਉਣ ਲਈ ਵਿਆਜ ਦਰਾਂ 'ਚ 0.75 ਫੀਸਦ ਦਾ ਵਾਧਾ ਕੀਤਾ ਸੀ। ਇਸ ਦੇ ਨਾਲ ਹੀ ਕਿਹਾ ਗਿਆ ਸੀ ਕਿ ਭਵਿੱਖ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ, ਜਿਸ ਤੋਂ ਬਾਅਦ ਦੁਨੀਆ ਦੇ ਦੇਸ਼ਾਂ ਦੀਆਂ ਮੁਦਰਾਵਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਐਲਾਨ ਤੋਂ ਬਾਅਦ ਭਾਰਤੀ ਰੁਪਿਆ 80 ਦੇ ਪੱਧਰ ਨੂੰ ਤੋੜ ਕੇ 81 ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਭਾਰਤੀ ਰੁਪਿਆ ਆਪਣੇ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 81.09 'ਤੇ ਬੰਦ ਹੋਇਆ ਸੀ।

ਦੁਨੀਆ ਦੀਆਂ ਹੋਰ ਮੁਦਰਾਵਾਂ 'ਚ ਗਿਰਾਵਟ

ਸਿਰਫ਼ ਭਾਰਤੀ ਰੁਪਿਆ ਹੀ ਨਹੀਂ, ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਜਿਵੇਂ ਬ੍ਰਿਟਿਸ਼ ਪਾਉਂਡ ਅਤੇ ਯੂਰੋ 'ਚ ਵੀ ਡਾਲਰ ਦੇ ਮੁਕਾਬਲੇ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਡਾਲਰ ਦੇ ਮੁਕਾਬਲੇ ਬ੍ਰਿਟਿਸ਼ ਪਾਉਂਡ 37 ਸਾਲ ਦੇ ਹੇਠਲੇ ਪੱਧਰ 'ਤੇ ਅਤੇ ਯੂਰੋ 20 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਡਾਲਰ ਸੂਚਕਾਂਕ, ਜੋ ਕਿ ਅਮਰੀਕੀ ਡਾਲਰ ਵਿਚ ਤਾਕਤ ਦੇ ਪੱਧਰ ਨੂੰ ਮਾਪਦਾ ਹੈ, 111 ਦੇ ਆਲੇ-ਦੁਆਲੇ 20-ਸਾਲ ਦੇ ਉੱਚੇ ਪੱਧਰ 'ਤੇ ਰਹਿੰਦਾ ਹੈ।

Posted By: Sandip Kaur