ਨਵੀਂ ਦਿੱਲੀ : ਅਗਸਤ ਮਹੀਨਾ ਖ਼ਤਮ ਹੋਣ ਹੀ ਵਾਲਾ ਹੈ ਤੇ ਸਤੰਬਰ ਮਹੀਨੇ ਤੁਹਾਡੇ ਤੇ ਸਾਡੇ ਜੀਵਨ 'ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹ ਬਦਲਾਅ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਕਾਫ਼ੀ ਅਸਰ ਪਾਉਣ ਵਾਲੇ ਹਨ। ਅਜਿਹੇ ਵਿਚ ਇਨ੍ਹਾਂ ਸਾਰਿਆਂ ਨਾਲ ਤੁਹਾਡਾ ਅਪਡੇਟ ਰਹਿਣਾ ਬੇਹੱਦ ਜ਼ਰੂਰੀ ਹੈ।

ਪੜ੍ਹੋ ਬੈਂਕਿੰਗ ਤੇ ਟ੍ਰੈਫਿਕ ਨਿਯਮਾਂ 'ਚ ਹੋਣ ਵਾਲੇ ਹਨ ਕਿਹੜੇ-ਕਿਹੜੇ ਵੱਡੇ ਬਦਲਾਅ

ਹੋਮ ਤੇ ਆਟੋ ਲੋਨ 'ਚ ਹੋਣ ਵਾਲੇ ਹਨ ਇਹ ਬਦਲਾਅ

ਸਟੇਟ ਬੈਂਕ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਕ ਸਤੰਬਰ ਤੋਂ ਆਪਣੇ ਗਾਹਕਾਂ ਦੇ ਹੋਮ ਤੇ ਆਟੋ ਲੋਨ ਨੂੰ ਰੈਪੋ ਦਰਾਂ ਨਾਲ ਲਿੰਕ ਕਰੇਗਾ। ਇਸ ਦਾ ਗਾਹਕਾਂ ਨੂੰ ਇਹ ਲਾਭ ਹੋਵੇਗਾ ਕਿ ਜਦੋਂ ਵੀ ਆਰਬੀਆਈ ਰੈਪੋ ਦਰਾਂ 'ਚ ਕਟੌਤੀ ਕਰੇਗਾ, ਤੁਹਾਨੂੰ ਉਸ ਦਾ ਤੁਰੰਤ ਫਾਇਦਾ ਮਿਲੇਗਾ।

ਛੇਤੀ ਪੂਰਾ ਕਰਵਾ ਲਓ ਕੇਵਾਈਸੀ

ਜੇਕਰ ਤੁਸੀਂ ਵੀ ਪੇਟੀਐੱਮ, ਫੋਨਪੇ ਜਾਂ ਗੂਗਲਪੇ ਵਰਗੇ ਮੋਬਾਈਲ ਵਾਲੇਟ ਦਾ ਇਸਤੇਮਾਲ ਕਰਦੇ ਹੋ ਤਾਂ 31 ਅਗਸਤ ਤੋਂ ਪਹਿਲਾਂ ਇਸ ਦਾ ਕੇਵਾਈਸੀ ਪੂਰਾ ਕਰਵਾ ਲਓ। ਕਿਉਂਕਿ ਇਕ ਸਤੰਬਰ ਤੋਂ ਬਾਅਦ ਅਜਿਹਾ ਨਾ ਕਰਵਾਉਣ 'ਤੇ ਤੁਹਾਡਾ ਮੋਬਾਈਲ ਵਾਲੇਟ ਕੰਮ ਕਰਨਾ ਬੰਦ ਕਰ ਦੇਵੇਗਾ। ਅਸਲ ਵਿਚ ਭਾਰਤੀ ਰਿਜ਼ਰਵ ਬੈਂਕ (RBI) ਨੇ ਇਨ੍ਹਾਂ ਮੋਬਾਈਲ ਵਾਲੇਟ ਕੰਪਨੀਆਂ ਨੂੰ ਆਪਣੇ ਗਾਹਕਾਂ ਦਾ ਕੇਵਾਈਸੀ ਪੂਰਾ ਕਰਵਾਉਣ ਲਈ 31 ਅਗਸਤ ਤਕ ਦਾ ਸਮਾਂ ਦਿੱਤਾ ਸੀ।

ਫਿਕਸਡ ਡਿਪਾਜ਼ਿਟ ਦਰਾਂ 'ਚ ਕਟੌਤੀ

ਐੱਸਬੀਆਈ ਨੇ ਰਿਟੇਲ ਡਿਪਾਜ਼ਿਟ 'ਤੇ ਵਿਆਜ ਦਰ ਘਟਾਈ ਹੈ। ਇਕ ਲੱਖ ਰੁਪਏ ਤਕ ਡਿਪਾਜ਼ਿਟ ਵਾਲੇ ਗਾਹਕਾਂ ਨੂੰ ਸੇਵਿੰਗ ਅਕਾਊਂਟ 'ਚ 3.5 ਫ਼ੀਸਦੀ ਵਿਆਜ ਮਿਲਦਾ ਰਹੇਗਾ। ਹਾਲਾਂਕਿ, ਇਕ ਲੱਖ ਤੋਂ ਜ਼ਿਆਦਾ ਡਿਪਾਜ਼ਿਟ ਵਾਲੇ ਜਿਹੜੇ ਗਾਹਕ ਹਨ, ਉਨ੍ਹਾਂ ਲਈ ਇਹ ਦਰ 3 ਫ਼ੀਸਦੀ ਹੀ ਰਹੇਗੀ।

ਕਿਸਾਨ ਕ੍ਰੈਡਿਟ ਕਾਰਡ ਸਬੰਧੀ ਇਹ ਹੋਵੇਗਾ ਬਦਲਾਅ

ਪਹਿਲੀ ਸਤੰਬਰ ਤੋਂ ਜੇਕਰ ਕੋਈ ਕਿਸਾਨ ਕ੍ਰੈਡਿਟ ਕਾਰਡ ਬਣਵਾਉਣਾ ਚਾਹੁੰਦਾ ਹੈ ਤਾਂ ਇਹ ਪ੍ਰਕਿਰਿਆ ਅਸਾਨ ਹੋਣ ਵਾਲੀ ਹੈ। ਬੈਂਕ ਹੁਣ ਵਧ ਤੋਂ ਵਧ 15 ਦਿਨਾਂ 'ਚ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰੇਗਾ। ਕੇਂਦਰ ਸਰਕਾਰ ਨੇ ਬੈਂਕਾਂ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਹੈ।

ਟ੍ਰੈਫਿਕ ਨਿਯਮਾਂ 'ਚ ਹੋਣ ਵਾਲੇ ਹਨ ਇਹ ਬਦਲਾਅ

ਇਕ ਸਤੰਬਰ ਤੋਂ ਟ੍ਰੈਫਿਕ ਨਾਲ ਜੁੜੇ ਨਿਯਮ ਵੀ ਬਦਲ ਜਾਣਗੇ। ਮੋਟਰ ਵਾਹਨ (ਸੋਧ) ਐਕਟ ਦੀਆਂ ਕੁਝ ਵਿਵਸਥਾਵਾਂ ਬਦਲਣ ਜਾ ਰਹੀਆਂ ਹਨ। ਇਸ ਐਕਟ ਦੀਆਂ 63 ਵਿਵਸਥਾਵਾਂ ਲਾਗੂ ਹੋਣ ਵਾਲੀਆਂ ਹਨ ਜਿਸ ਤਹਿਤ ਵਾਹਨ ਨਿਯਮ ਉਲੰਘਣਾ 'ਤੇ ਤੁਹਾਨੂੰ ਮੋਟਾ ਜੁਰਮਾਨਾ ਭਰਨਾ ਪਵੇਗਾ।

ਨਾਲ ਹੀ ਪਹਿਲੀ ਸਤੰਬਰ ਤੋਂ ਕਿਸੇ ਸੂਬੇ 'ਚ ਨਵਾਂ ਡਰਾਈਵਿੰਗ ਲਾਇਸੈਂਸ ਬਣਵਾਉਣ ਜਾਂ ਪੁਰਾਣੇ ਦਾ ਨਵੀਨੀਕਰਨ ਕਰਵਾਉਣ ਅਤੇ ਨਵੇਂ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਉਣ ਜਾਂ ਫਿਰ ਮੌਜੂਦਾ ਵਾਹਨ ਟਰਾਂਸਫਰ ਕਰਨ ਦੀ ਅਰਜ਼ੀ ਤੁਸੀਂ ਕਿਸੇ ਵੀ ਆਰਟੀਓ 'ਚ ਕਰਵਾ ਸਕਦੇ ਹੋ। ਜ਼ਿਕਰਯੋਗ ਹੈ ਕਿ ਇਹ ਸਹੂਲਤ ਆਨਲਾਈਨ ਨਹੀਂ ਹੋਵੇਗੀ।

Posted By: Seema Anand