ਜੇਐੱਨਐੱਨ, ਗੋਰਖਪੁਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨਿਚਰਵਾਰ ਸਵੇਰੇ ਕੋਰੋਨਾ ਇਨਫੈਕਸ਼ਨ ਤੋਂ ਲੋਕ ਰੱਖਿਆ ਲਈ ਆਪਣੀ ਰਿਹਾਇਸ਼ ਸਥਿਤ ਗੋਰਖਨਾਥ ਮੰਦਰ ਦੀ ਸ਼ਕਤੀਪੀਠ 'ਚ ਰੁਦਰਾਅਭਿਸ਼ੇਕ ਕੀਤਾ। ਇਹ ਪ੍ਰੋਗਰਾਮ ਵੈਦਿਕ ਮੰਤਰਾਂ ਦੇ ਉਚਾਰਨ ਵਿਚਾਲੇ ਦੋ ਘੰਟੇ ਤਕ ਚੱਲਿਆ। ਮੁੱਖ ਮੰਤਰੀ ਸਵੇਰੇ ਕਰੀਬ ਸਾਢੇ ਪੰਜ ਵਜੇ ਆਪਣੀ ਰਿਹਾਇਸ਼ ਤੋਂ ਬਾਹਰ ਨਿਕਲੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਗੋਰਖਨਾਥ ਤੇ ਅਖੰਡ ਜਯੋਤੀ ਦਾ ਦਰਸ਼ਨ-ਪੂਜਨ ਕੀਤਾ। ਉਸ ਤੋਂ ਬਾਅਦ ਗੁਰੂ ਬ੍ਹਮਲੀਨ ਮਹੰਤ ਅਵੇਦਿਆਨਾਥ ਦੀ ਸਮਾਧੀ 'ਤੇ ਜਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਮੰਦਰ ਕੰਪਲੈਕਸ ਦੀ ਪਰਿਕਰਮਾ ਕਰਦਿਆਂ ਉਹ ਗਊਸ਼ਾਲਾ ਪੁੱਜੇ । ਉਥੇ ਲਗਪਗ ਅੱਧਾ ਘੰਟਾ ਗਊ ਸੇਵਾ 'ਚ ਬਿਤਾਇਆ। ਗਊਆਂ ਦੀ ਦੇਖਭਾਲ ਕਰਨ ਵਾਲੇ ਸੇਵਕਾਂ ਨਾਲ ਗੱਲਬਾਤ ਕੀਤੀ ਤੇ ਉਥੇ ਸਾਫ਼-ਸਫਾਈ 'ਤੇ ਵਿਸ਼ੇਸ਼ ਧਿਆਨ ਦਾ ਨਿਰਦੇਸ਼ ਦਿੱਤਾ। ਗਊ ਸੇਵਾ ਤੋਂ ਬਾਅਦ ਲੋਕ ਸੇਵਾ ਲਈ ਉਹ ਆਪਣੀ ਰਿਹਾਇਸ਼ ਦੇ ਸ਼ਕਤੀਪੀਠ ਪੁੱਜੇ। ਉਥੇ ਮੰਦਰ ਦੇ ਪ੍ਰਧਾਨ ਪੁਰੋਹਿਤ ਆਚਾਰੀਆ ਰਾਮਾਨੁਜ ਤਿ੍ਪਾਠੀ ਨੇ ਪੂਰੇ ਵਿਧੀ-ਵਿਧਾਨ ਨਾਲ ਰੁਦਰਾਅਭਿਸ਼ੇਕ ਸੰਪੰਨ ਕਰਵਾਇਆ।