ਜੇਐੱਨਐੱਨ, ਮਨਾਲੀ : ਬੀਆਰਓ ਵੱਲੋਂ ਰੋਹਤਾਂਗ ਦਰਾਂ ਬਹਾਲ ਕਰਨ ਪਿੱਛੋਂ ਲਾਹੌਲ ਵਾਦੀ 'ਚ ਫਸੇ ਸੈਂਕੜੇ ਵਾਹਨ ਅਤੇ ਲੋਕ ਤੀਜੇ ਦਿਨ ਮੰਗਲਵਾਰ ਨੂੰ ਮਨਾਲੀ ਨਿਕਲ ਆਏ ਹਨ। ਤਿੰਨ ਦਿਨ ਪਿੱਛੋਂ ਵਾਦੀ ਤੋਂ ਨਿਕਲੇ ਲੋਕਾਂ ਅਤੇ ਸੈਲਾਨੀਆਂ ਨੇ ਰਾਹਤ ਦੀ ਸਾਹ ਲਈ ਹੈ। ਬੀਆਰਓ ਨੇ ਹਾਲਾਂਕਿ ਦੱਰਾ ਸੋਮਵਾਰ ਸ਼ਾਮ ਨੂੰ ਹੀ ਬਹਾਲ ਕਰ ਦਿੱਤਾ ਸੀ ਪ੍ਰੰਤੂ ਸ਼ਾਮ ਹੋ ਜਾਣ ਕਾਰਨ ਦੱਰੇ ਵਿਚ ਪਾਣੀ ਜੰਮ ਗਿਆ ਅਤੇ ਗੱਡੀਆਂ ਦੀ ਆਵਾਜਾਈ ਨਾ ਹੋ ਸਕੀ। ਸੜਕ ਵਿਚ ਵਿਛੀ ਬਰਫ਼ ਵਿਚ ਕਈ ਥਾਂ ਟਰੱਕਾਂ ਦੇ ਧੱਸਣ ਨਾਲ ਘੰਟਿਆਂ ਤਕ ਟ੍ਰੈਫਿਕ ਜਾਮ ਲੱਗਾ ਰਿਹਾ।

ਮੰਗਲਵਾਰ ਨੂੰ ਹਾਲਾਂਕਿ ਰੋਹਤਾਂਗ ਦਰਾਂ ਸੈਲਾਨੀਆਂ ਲਈ ਬੰਦ ਸੀ ਪ੍ਰੰਤੂ ਪੁਲਿਸ ਨੇ ਆਪਸੀ ਤਾਲਮੇਲ ਦੀ ਕਮੀ ਕਾਰਨ ਵੀ ਰੋਹਤਾਂਗ ਦੱਰੇ ਵਿਚ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਕੋਕਸਰ ਅਤੇ ਗੁਲਾਬਾ ਵੱਲੋਂ ਵਾਹਨਾਂ ਨੂੰ ਇਕੱਠੇ ਹੀ ਛੱਡ ਦਿੱਤਾ ਗਿਆ ਜਿਸ ਨਾਲ ਰੋਹਤਾਂਗ ਦੱਰੇ ਵਿਚ ਜਾਮ ਲੱਗ ਗਿਆ। ਸਥਾਨਕ ਵਾਹਨ ਚਾਲਕਾਂ ਨੇ ਆਪਣੀ ਸੂਝਬੂਝ ਨਾਲ ਵਾਹਨਾਂ ਨੂੰ ਆਰ-ਪਾਰ ਕਰਵਾਇਆ ਹਾਲਾਂਕਿ ਰੋਹਤਾਂਗ ਦੱਰੇ 'ਚ ਬਰਫ਼ ਘੱਟ ਹੈ ਪ੍ਰੰਤੂ ਹਵਾ ਕਾਰਨ ਇਧਰ-ਉਧਰ ਤੋਂ ਉੱਡ ਕੇ ਬਰਫ਼ ਸੜਕ 'ਤੇ ਜਮ੍ਹਾ ਹੋ ਰਹੀ ਹੈ ਜਿਸ ਨਾਲ ਦਿੱਕਤ ਵਧੀ ਹੈ। ਬੀਆਰਓ ਨੇ ਅਜੇ ਰਸਤਾ ਸਿੰਗਲ ਟ੍ਰੈਫਿਕ ਲਈ ਬਹਾਲ ਕਰ ਦਿੱਤਾ ਹੈ ਜਿਸ ਕਾਰਨ ਵਾਹਨਾਂ ਨੂੰ ਪਾਸ ਦੇਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਕੇਲਾਂਗ ਤੋਂ ਮਨਾਲੀ ਆਏ ਵਾਹਨ ਚਾਲਕ ਦੀਪਕ ਰਾਕੀ ਅਤੇ ਸੋਨਮ ਨੇ ਦੱਸਿਆ ਕਿ ਰੋਹਤਾਂਗ ਦੱਰੇ ਵਿਚ ਸੜਕ ਕਿਨਾਰੇ ਬਰਫ਼ ਦੇ ਢੇਰ ਹੋਣ ਨਾਲ ਪਾਸ ਦੇਣ ਲਈ ਜਗ੍ਹਾ ਘੱਟ ਹੈ। ਕਿਤੇ-ਕਿਤੇ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ 'ਤੇ ਬਰਫ਼ 'ਚ ਟਰੱਕ ਧੱਸ ਗਏ। ਸਥਾਨਕ ਲੋਕਾਂ ਨੇ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਅਤੇ ਰੋਹਤਾਂਗ ਦੱਰਾ ਆਰ-ਪਾਰ ਕੀਤਾ।

ਰੋਹਤਾਂਗ ਦੱਰੇ 'ਚ ਸਵੇਰੇ ਸ਼ਾਮ ਪਾਰਾ ਮਾਈਨਸ ਦੇ ਪਾਰ ਜਾ ਰਿਹਾ ਹੈ ਜਿਸ ਕਾਰਨ ਸੜਕ ਵਿਚ ਪਾਣੀ ਜੰਮ ਰਿਹਾ ਹੈ। ਗੁਲਾਬਾ ਬੈਰੀਅਰ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਧੁੱਪ ਨਿਕਲਣ ਪਿੱਛੋਂ ਹੀ ਵਾਹਨਾਂ ਨੂੰ ਗੁਲਾਬਾ ਤੋਂ ਅੱਗੇ ਜਾਣ ਦਿਉ। ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਉਹ ਜੋਖਮ ਨਾ ਉਠਾਉਣ ਅਤੇ 11 ਤੋਂ ਤਿੰਨ ਵਜੇ ਵਿਚਕਾਰ ਹੀ ਰੋਹਤਾਂਗ ਦੱਰਾ ਆਰ-ਪਾਰ ਕਰਨ।

-ਰਮਨ ਘਰਸੰਗੀ ਐੱਸਡੀਐੱਮ, ਮਨਾਲੀ।